ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਨਵੰਬਰ
ਇੱਥੇ ਗਾਂਧੀ ਨਗਰ ਵਿੱਚ ਬੀਤੀ ਸ਼ਾਮ ਲੋਕ ਭਲਾਈ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਪਲਾਟਾਂ ਦੀ ਵੰਡ ਸਬੰਧੀ ਸਰਟੀਫ਼ਿਕੇਟ ਦੇਣ ਲਈ ਰੱਖੇ ਗਏ ਇਕ ਸਮਾਗਮ ਵਿੱਚ ਕੈਬਨਿਟ ਮੰਤਰੀ ਵਿਜੈ- ਇੰਦਰ ਸਿੰਗਲਾ ਨੇ ਪਹੁੰਚਣਾ ਸੀ ਪ੍ਰੰਤੂ ਕਿਸਾਨਾਂ ਦੇ ਵਿਰੋਧ ਕਾਰਨ ਸਿੰਗਲਾ ਨੂੰ ਸਮਾਗਮ ਵਿਚ ਜਾਣ ਦੀ ਥਾਂ ਆਪਣੇ ਮੋਬਾਈਲ ਫੋਨ ’ਤੇ ਵੀਡੀਓ ਕਾਲ ਰਾਹੀਂ ਸਮਾਗਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਨ ਲਈ ਮਜਬੂਰ ਹੋਣਾ ਪਿਆ।
ਦੱਸਣਯੋਗ ਹੈ ਕਿ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੂਬੇ ਵਿਚ ਕਾਂਗਰਸ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਪ੍ਰੋਗਰਾਮਾਂ ਵਿਚ ਪਹੁੰਚ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਸੇ ਦੌਰਾਨ ਇੱਥੇ ਗਾਂਧੀ ਨਗਰ ਵਿਚ ਰੱਖੇ ਗਏ ਇਕ ਸਮਾਗਮ ਵਿਚ ਕੈਬਨਿਟ ਮੰਤਰੀ ਸਿੰਗਲਾ ਦੇ ਪਹੁੰਚਣ ਦੀ ਭਿਣਕ ਪੈਂਦੇ ਹੀ ਯੂਨੀਅਨ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਚਮਕੌਰ ਸਿੰਘ ਲੱਡੀ ਅਤੇ ਬਲਵਿੰਦਰ ਸਿੰਘ ਘਨੌੜ ਜੱਟਾਂ ਸਣੇ ਵੱਡੀ ਗਿਣਤੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਕਰਕੇ ਮੰਤਰੀ ਦਾ ਕਾਫ਼ਲਾ ਸਮਾਗਮ ਵਾਲੀ ਥਾਂ ’ਤੇ ਜਾਣ ਦੀ ਬਜਾਏ ਸਿੱਧਾ ਪਟਿਆਲਾ ਵੱਲ ਨੂੰ ਲੰਘ ਗਿਆ। ਬਾਅਦ ਵਿੱਚ ਕਿਸਾਨਾਂ ਨੂੰ ਸਿੰਗਲਾ ਦੇ ਪਟਿਆਲਾ ਰੋਡ ’ਤੇ ਸਥਿਤ ਇਕ ਢਾਬੇ ’ਚ ਹੋਣ ਦਾ ਪਤਾ ਲੱਗਿਆ ਤਾਂ ਉਹ ਉਨ੍ਹਾਂ ਦੇ ਕਾਫਲੇ ਦਾ ਪਿੱਛਾ ਕਰਦੇ ਹੋਏ ਪਟਿਆਲਾ ਰੋਡ ’ਤੇ ਸਥਿਤ ਢਾਬੇ ਅੱਗੇ ਪਹੁੰਚ ਗਏ। ਉਨ੍ਹਾਂ ਉੱਥੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਮਾਗਮ ਵਿਚ ਕੈਬਨਿਟ ਮੰਤਰੀ ਦੇ ਨਾ ਪਹੁੰਚ ਸਕਣ ਕਾਰਨ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਵੱਲੋਂ ਲਾਭਪਾਤਰੀਆਂ ਨੂੰ ਪਲਾਟਾਂ ਦੇ ਸਰਟੀਫ਼ਿਕੇਟ ਵੰਡੇ ਗਏ। ਇਸ ਮੌਕੇ ਐੱਸਡੀਐੱਮ ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਵਰਿੰਦਰ ਮਿੱਤਲ, ਬਲਵਿੰਦਰ ਸਿੰਘ ਪੂਨੀਆ, ਪਰਦੀਪ ਕੁਮਾਰ ਕੱਦ, ਵਿੱਦਿਆ ਦੇਵੀ ਭੁੱਲਰ ਸਣੇੇ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।ਭਵਾਨੀਗੜ੍ਹ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ।