ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ
ਸੰਗਰੂਰ/ਭਵਾਨੀਗੜ੍ਹ, 31 ਅਗਸਤ
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿਚ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਵੰਡੇ ਗਏ। ਇਸ ਤੋਂ ਪਹਿਲਾਂ ਮੰਤਰੀ ਹਲਕੇ ਦੇ ਪਿੰਡ ਭੱਟੀਵਾਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੈੱਕ ਵੰਡਣ ਲਈ ਕਰਵਾਏ ਸੂਬਾ ਪੱਧਰੀ ਆਨਲਾਈਨ ਵਰਚੂਅਲ ਸਮਾਗਮ ’ਚ ਸ਼ਾਮਲ ਹੋਏ।
ਸ੍ਰੀ ਸਿੰਗਲਾ ਅੱਜ ਪਿੰਡ ਭੱਟੀਵਾਲ, ਮਾਝੀ, ਘਾਬਦਾਂ ਅਤੇ ਬਾਲੀਆਂ ਪਿੰਡਾਂ ਵਿਚ ਪੁੱਜੇ ਅਤੇ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਵੰਡੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਹਲਕੇ ’ਚ ਲਗਭਗ 35,000 ਲਾਭਪਾਤਰੀ ਪੈਨਸ਼ਨ ਲੈ ਰਹੇ ਹਨ ਜਿਨਾਂ ’ਚੋਂ ਤਕਰੀਬਨ 20,000 ਲਾਭਪਾਤਰੀਆਂ ਦੀ ਪੈਨਸ਼ਨ ਪਿਛਲੇ ਤਿੰਨ ਸਾਲ ਦੌਰਾਨ ਹੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਲਈ ਜੀਅ-ਜਾਨ ਲਗਾ ਕੇ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ’ਚ ਵੀ ਉਨਾਂ ਵੱਲੋਂ ਹਰ ਵਾਅਦੇ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰਵਾਏ ਗਏ ਹਨ।
ਡੀਸੀ ਨੇ ਚੈੱਕ ਵੰਡੇ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਰਕਾਰ ਵੱਲੋਂ ਪਹਿਲੀ ਜੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸ਼ਨ ਵੰਡਣ ਦੀ ਪ੍ਰਕਿਰਿਆ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਮਾਗਮ ਦੌਰਾਨ ਆਨਲਾਈਨ ਸ਼ੁਰੂਆਤ ਕਰਨ ਮਗਰੋਂ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਸ੍ਰੀ ਰਾਹੁਲਇੰਦਰ ਸਿੰਘ ਸਿੱਧੂ, ਮਹੇਸ਼ ਕੁਮਾਰ ਮੇਸੀ ਅਤੇ ਅਜੈਬ ਸਿੰਘ ਰਟੋਲਾਂ ਵਲੋਂ ਯੋਗ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਚੈਕ ਵੰਡੇ ਗਏ।