ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਇੱਥੇ ਚੱਲ ਰਹੇ ਖੇਤਰੀ ਸਰਸ ਮੇਲੇ ’ਚ ਬੀਤੀ ਰਾਤ ਸਟਾਰ ਨਾਈਟ ’ਚ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਹਰਜੀਤ ਹਰਮਨ ਨੇ ‘ਮਿੱਤਰਾਂ ਦਾ ਨਾਂ ਚੱਲਦੈ’, ‘ਸਿੱਧੀ ਸਾਧੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ’, ‘ਝੂਟਦੀ ਚਡੋਲ ਜੱਟੀਏ’, ‘ਗੱਲ ਦਿਲ ਦੀ ਦੱਸ ਸੱਜਣਾ’, ‘ਜਿੱਥੇ ਮਰਜ਼ੀ ਪਰਖ ਲਵੀਂ’, ‘ਤੇਰਾ ਦਿਲ ’ਤੇ ਲਿਖਾ ਕੇ ਅਸੀਂ ਨਾਂ ਰੱਖਿਆ’ ਤੇ ‘ਬਲਿਹਾਰੀ ਕੁਦਰਤ’ ਆਦਿ ਗੀਤਾਂ ਸਮੇਤ ਆਪਣੇ ਕਈ ਹੋਰ ਮਸ਼ਹੂਰ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਰਮਨ ਦੇ ਗੀਤਾਂ ਦੇ ਬੋਲਾਂ ’ਤੇ ਦਰਸ਼ਕਾਂ ਨੇ ਵੀ ਭੰਗੜਾ ਪਾਉਂਦਿਆਂ ਸਰਸ ਮੇਲੇ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਏ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ)ਅਨਮੋਲ ਸਿੰਘ ਧਾਲੀਵਾਲ ਸਮੇਤ ਪ੍ਰਸ਼ਾਸਨਿਕ ਤੇ ਜੁਡੀਸ਼ੀਅਲ ਅਧਿਕਾਰੀਆਂ ਨੇ ਵੀ ਪ੍ਰੋਗਰਾਮ ਦਾ ਆਨੰਦ ਮਾਣਿਆ। ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ’ਚ 17 ਅਕਤੂਬਰ ਤੱਕ ਚੱਲਣ ਵਾਲੇ ਸਰਸ ਮੇਲੇ ’ਚ ਵੱਖ-ਵੱਖ ਰਾਜਾਂ ਦੇ ਪਕਵਾਨ, ਨਾਚ, ਹੱਥੀਂ ਤਿਆਰ ਕੀਤੀਆਂ ਵਸਤਾਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ ਹਜ਼ਾਰਾਂ ਵੰਨਗੀਆਂ ਮੌਜੂਦ ਹਨ। ਏਡੀਸੀ ਵਰਜੀਤ ਵਾਲੀਆ ਨੇ ਦੱਸਿਆ ਕਿ ਭਲਕੇ 12 ਅਕਤੂਬਰ ਨੂੰ ਹੋ ਰਹੇ ‘ਕਰਵਾ ਚੌਥ’ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਗਾਇਕਾ ਸੁਨੰਦਾ ਸ਼ਰਮਾ ਆਪਣੀ ਪੇਸ਼ਕਾਰੀ ਦੇਣਗੇ।