ਮੁਕੰਦ ਸਿੰਘ ਚੀਮਾ
ਸੰਦੌੜ, 6 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਅੱਜ ਪਿੰਡ ਕੁਠਾਲਾ ਵਿੱਚ ਗਰਿਡ ਦੇ ਸਾਹਮਣੇ ਧਰਨਾ ਦੇ ਕੇ ਪਾਵਰਕੌਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਪਾਵਰਕੌਮ ਵੱਲੋਂ ਖੇਤਾਂ ਵਾਲੀ ਬਿਜਲੀ ਸਪਲਾਈ ਵਿੱਚ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਆਖਰੀ ਸਿੰਜਾਈ ਲਈ ਦਿੱਕਤ ਖੜ੍ਹੀ ਹੋ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਬਲਾਕ ਆਗੂ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹਰ ਰੋਜ਼ ਝੋਨੇ ਦੀ ਫਸਲ ਨੂੰ ਲੈ ਕੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਸੀ ਪਰ ਹੁਣ ਪਾਵਰਕੌਮ ਨੇ ਇਕ ਦਿਨ ਛੱਡ ਕੇ ਦਿਨ ਛੱਡ ਕੇ ਘੰਟੇ ਬਿਜਲੀ ਦੇਣ ਦਾ ਹੁਕਮ ਸੁਣਾ ਦਿੱਤਾ ਪਰ ਉਸੇ ਦਿਨ ਤੋਂ ਹੀ ਬਿਜਲੀ ਸਪਲਾਈ ਵਿੱਚ ਵੱਡੇ ਵੱਡੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੂੰ ਮਹਿਜ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਕਿਸਾਨ ਆਗੂ ਹਰਭਜਨ ਸਿੰਘ ਖਾਲਸਾ ਨੇ ਕਿਹਾ ਕਿ ਇਸ ਵੇਲੇ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਦਿੱਤਾ ਜਾ ਰਿਹਾ ਹੈ ਪਰ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਝੋਨੇ ਦੀ ਫਸਲ ਦੀ ਸਿੰਜਾਈ ਦਾ ਕੰੰਮ ਅੱਧ ਵਿਚਾਲੇ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਇਸ ਵੇਲੇ ਪਾਣੀ ਦੀ ਕਾਫੀ ਜ਼ਰੂਰਤ ਹੈ ਕਿਉਂਕਿ ਝੋਨੇ ਨੂੰ ਇਸ ਵੇਲੇ ਦਿੱਤੇ ਜਾਂਦੇ ਪਾਣੀ ਸਹਾਰੇ ਕਿਸਾਨ ਢੁਕਵੇਂ ਸਮੇਂ ’ਤੇ ਕਣਕ ਦੀ ਬਿਜਾਈ ਕਰ ਸਕਣਗੇ। ਕਿਸਾਨਾਂ ਨੇ ਕਿਹਾ ਕਿ ਜੇ ਪਾਵਰਕੌਮ ਨੇ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਸ ਧਰਨੇ ’ਚ ਪ੍ਰਧਾਨ ਕਿਸ਼ਨ ਸਿੰਘ ਕੁਠਾਲਾ, ਤੇਜਵੰਤ ਸਿੰਘ ਕੁੱਕੀ, ਭਿੰਦਰ ਸਿੰਘ ਕੁਠਾਲਾ, ਰਾਜਦੀਪ ਸਿੰਘ ਮਾਹਮਦਪੁਰ, ਹਰਬੰਸ ਸਿੰਘ ਮਾਹਮਦਪੁਰ, ਸਰਬਜੀਤ ਸਿੰਘ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ। ਪਾਵਰਕੌਮ ਐੱਸਡੀਓ ਹਰਵਿੰਦਰ ਸਿੰਘ ਸੇਰਵਾਨੀਕੋਟ ਨੇ ਕਿਹਾ ਕਿ ਝੋਨੇ ਦੀ ਫਸਲ ਲਈ ਬਿਜਲੀ ਸਪਲਾਈ 30 ਸਤੰਬਰ ਤੱਕ ਰੋਜ਼ਾਨਾ 8 ਘੰਟੇ ਦਿੱਤੀ ਗਈ ਹੈ ਪਰ ਹੁਣ ਪਾਵਰਕੌਮ ਦੇ ਪਟਿਆਲਾ ਦਫ਼ਤਰ ਵੱਲੋਂ ਬਿਜਲੀ ਸਪਲਾਈ ਦਾ ਨਵਾਂ ਸਡਿਊਲ ਜਾਰੀ ਕੀਤਾ ਗਿਆ ਹੈ।
ਕੀ ਕਹਿੰਦੇ ਨੇ ਐਕਸੀਅਨ
ਐਕਸੀਅਨ ਅਮੀਰ ਅਸ਼ਰਫ ਨੇ ਸੰਪਰਕ ਕਰਨ ’ਤੇ ਕਿਹਾ ਕਿ ਪਾਵਰਕੌਮ ਪਟਿਆਲਾ ਦੇ ਆਦੇਸ਼ਾਂ ਤਹਿਤ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਬਿਜਲੀ ਸਪਲਾਈ ਵਿੱਚ ਜੋ ਵੀ ਕੱਟ ਲੱਗ ਰਹੇ ਹਨ ਉਹ ਪੀਸੀ ਪਟਿਆਲਾ ਵੱਲੋਂ ਹੀ ਲਗਾਏ ਜਾਂਦੇ ਹਨ।