ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਅਕਤੂਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜ਼ੋਨਲ ਆਗੂ ਚਰਨ ਸਿੰਘ ਬਾਲਦ ਕਲਾਂ ਅਤੇ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਅੱਜ ਇੱਥੇ ਥਾਣਾ ਭਵਾਨੀਗੜ੍ਹ ਦਾ ਸੰਕੇਤਕ ਘਿਰਾਓ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 2014 ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈਣ ਲਈ ਕੀਤੇ ਸੰਘਰਸ਼ ਦੌਰਾਨ ਮਜਦੂਰਾਂ ਤੇ ਲਾਠੀਚਾਰਜ ਕਰਨ ਉਪਰੰਤ ਝੂਠੇ ਪਰਚੇ ਦਰਜ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਕਈ ਵਾਰ ਸੰਘਰਸ਼ ਦੇ ਦਰਮਿਆਨ ਪ੍ਰਸ਼ਾਸਨ ਵੱਲੋਂ ਮੰਨਿਆ ਗਿਆ ਕਿ ਇਹ ਪਰਚੇ ਝੂਠੇ ਹਨ ਅਤੇ ਇਨ੍ਹਾਂ ਨੂੰ ਰੱਦ ਕੀਤਾ ਜਾਵੇਗਾ। ਮਜ਼ਦੂਰ ਆਗੂਆਂ ਨੇ ਦੱਸਿਆ ਗਿਆ ਕਿ ਇਕ ਪਾਸੇ ਕੈਪਟਨ ਸਰਕਾਰ ਅਤੇ ਮੌਜੂਦਾ ਚੰਨੀ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਪਾਏ ਝੂਠੇ ਅਤੇ ਨਾਜਾਇਜ਼ ਪਰਚੇ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਦੂਜੇ ਪਾਸੇ ਐੱਸਸੀ ਭਾਈਚਾਰੇ ਨਾਲ ਵਿਤਕਰੇਬਾਜ਼ੀ ਕਰਦੇ ਹੋਏ ਪਿੰਡ ਬਾਲਦ ਕਲਾਂ ਦੀਆਂ ਬਜ਼ੁਰਗ ਔਰਤਾਂ ਸਮੇਤ ਲੋਕਾਂ ਨੂੰ ਸੰਮਨ ਭੇਜ ਕੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਧਰਨੇ ਵਿੱਚ ਆ ਕੇ ਦੱਸਿਆ ਕਿ ਇਸ ਕੇਸ ਨੂੰ ਰੱਦ ਕਰਨ ਸਬੰਧੀ ਪੁਲੀਸ ਵੱਲੋਂ ਅਦਾਲਤ ਵਿੱਚ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਅਦਾਲਤ ਵੱਲੋਂ ਸੰਮਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ। ਇਸ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਮਜਦੂਰਾਂ ਦੇ ਮਸਲਿਆਂ ਸਬੰਧੀ 12 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਫੌਜੀ ਘਰਾਚੋਂ, ਅਮਰਜੀਤ ਸਿੰਘ ਝਨੇੜੀ, ਹਰਜਿੰਦਰ ਸਿੰਘ ਝਨੇੜੀ, ਸੁਖਵਿੰਦਰ ਸਿੰਘ ਬਟੜਿਆਣਾ, ਪਰਗਟ ਸਿੰਘ ਅਤੇ ਲਾਭ ਸਿੰਘ ਭੜ੍ਹੋ ਹਾਜ਼ਰ ਸਨ।