ਪਵਨ ਕੁਮਾਰ ਵਰਮਾ
ਧੂਰੀ, 23 ਜੂਨ
ਇੱਥੇ ਇਨੀਂ ਦਿਨੀਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਲਾਏ ਗਏ ਵੱਡੇ ਫਲੈਕਸਾਂ ਨੇ ਹਲਕਾ ਧੂਰੀ ’ਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਸ੍ਰੀ ਸਿੱਧੂ ਦੇ ਨੇੜਲੇ ਰਿਸ਼ਤੇਦਾਰ ਅਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਾਈਆਂ ਗਈਆਂ ਫਲੈਕਸਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਪੰਜਾਬ ਸਮੇਤ ਹਲਕਾ ਧੂਰੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੱਡਾ ਆਧਾਰ ਅਤੇ ਧੜਾ ਅੱਜ ਵੀ ਕਾਇਮ ਹੈ। ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਕਿਹਾ ਕਿ ਵੱਡੀਆਂ ਸਿਆਸੀ ਪਾਰਟੀਆਂ ਅੰਦਰ ਅਕਸਰ ਮੁੱਦਿਆਂ ਨੂੰ ਲੈ ਕੇ ਲੀਡਰਾਂ ਵਿਚਕਾਰ ਮਤਭੇਦ ਰਹੇ ਹਨ ਅਤੇ ਪੰਜਾਬ ਪੱਖੀ ਕਈ ਮੁੱਦਿਆਂ ਨੂੰ ਲੈ ਕੇ ਅਜਿਹੇ ਮਤਭੇਦ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਬਣੇ ਹੋਏ ਹਨ, ਪਰ ਨਵਜੋਤ ਸਿੱਧੂ ਹਮੇਸ਼ਾ ਪੰਜਾਬ ਦੇ ਪੱਖ ਦੀ ਗੱਲ ਕਰਦੇ ਆਏ ਹਨ।