ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਸਤੰਬਰ
ਸ਼ਹਿਰ ਵਿਚ ਦੁਕਾਨਾਂ ਅਤੇ ਹੋਰ ਇਮਾਰਤਾਂ ਦੇ ਅੱਗੇ ਬਣੇ ਰੈਂਪ ਢਾਹੁਣ ਲਈ ਆਪਣੇ ਦਫ਼ਤਰੀ ਕਰਮਚਾਰੀਆਂ ਨਾਲ ਪੁੱਜੇ ਈਓ ਨਗਰ ਕੌਂਸਲ ਨੂੰ ਵਪਾਰੀਆਂ ਦੇ ਰੋਹ ਕਾਰਨ ਬੇਰੰਗ ਪਰਤਣਾ ਪਿਆ। ਵਪਾਰੀਆਂ ਨੇ ਈਓ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੌਂਸਲ ’ਤੇ ਵਪਾਰੀਆਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਇਕੱਠੇ ਹੋਏ ਵਪਾਰੀ ਏਡੀਸੀ ਅਨਮੋਲ ਸਿੰਘ ਧਾਲੀਵਾਲ ਨੂੰ ਵੀ ਮਿਲੇ ਜਿਨ੍ਹਾਂ ਨਗਰ ਕੌਂਸਲ ਦੇ ਪ੍ਰਸ਼ਾਸਕ ਐੱਸਡੀਐੱਮ ਨਵਰੀਤ ਕੌਰ ਸੇਖੋਂ ਨਾਲ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਪਰ ਵਪਾਰੀਆਂ ਨੂੰ ਹੈਰਾਨਗੀ ਹੋਈ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ ਬਗੈਰ ਹੀ ਈਓ ਵੱਲੋਂ ਵਪਾਰੀਆਂ ਨੂੰ ਨੋਟਿਸ ਕੱਢ ਕੇ ਰੈਂਪ ਢਾਹੁਣ ਦੀ ਕਾਰਵਾਈ ਕੀਤੀ ਜਾ ਰਹੀ ਸੀ।
ਸਥਾਨਕ ਕਲੱਬ ਰੋਡ ’ਤੇ ਇਕੱਠੇ ਹੋਏ ਦੁਕਾਨਦਾਰਾਂ ਤੇ ਇਮਾਰਤਾਂ ਦੇ ਮਾਲਕਾਂ ਸੁਸ਼ੀਲ ਜੈਨ, ਅਨਿਲ ਅਗਰਵਾਲ, ਹਰਜੀਤ ਸਿੰਘ ਮਾਨ, ਕੇਵਲ ਕ੍ਰਿਸ਼ਨ, ਗੁਰਸੇਵਕ ਸਿੰਘ ਆਦਿ ਨੇ ਦੱਸਿਆ ਕਿ ਉਹ ਛੋਟੀਆਂ-ਛੋਟੀਆਂ ਦੁਕਾਨਾਂ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਨਗਰ ਕੌਂਸਲ ਵੱਲੋਂ ਦੁਕਾਨਾਂ ਤੇ ਇਮਾਰਤਾਂ ਅੱਗੇ ਤੋਂ ਰੈਂਪ ਢਾਹੁਣ ਲਈ 14 ਸਤੰਬਰ ਨੂੰ ਨੋਟਿਸ ਕੱਢੇ ਗਏ ਜੋ ਕਿ 15 ਸਤੰਬਰ ਨੂੰ ਉਨ੍ਹਾਂ ਨੂੰ ਦਸਤੀ ਦਿੱਤੇ ਗਏ। ਨੋਟਿਸਾਂ ’ਚ ਹਦਾਇਤ ਕੀਤੀ ਗਈ ਕਿ 15 ਸਤੰਬਰ ਤੱਕ ਰੈਂਪ ਢਾਹ ਕੇ ਨਗਰ ਕੌਂਸਲ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 15 ਸਤੰਬਰ ਨੂੰ ਨੋਟਿਸ ਦੇਣ ਅਤੇ ਉਸੇ ਦਿਨ ਰੈਂਪ ਢਾਹੁਣ ਦੇ ਆਦੇਸ਼ ਦੇਣ ਤੋਂ ਸਪੱਸ਼ਟ ਹੈ ਕਿ ਨਗਰ ਕੌਂਸਲ ਦੁਕਾਨਦਾਰਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਹੀਂ ਹੈ। ਬਰਸਾਤਾਂ ਦੇ ਦਿਨਾਂ ’ਚ ਪਾਣੀ ਦੁਕਾਨਾਂ ਤੇ ਘਰਾਂ ਅੰਦਰ ਦਾਖਲ ਹੋ ਜਾਂਦਾ ਹੈ। ਕਰੀਬ 4/5 ਸਾਲ ਪਹਿਲਾਂ ਪਾਣੀ ਦੀ ਨਿਕਾਸੀ ਲਈ ਪਾਈਪ ਪਾਏ ਗਏ ਸਨ ਜਿਨ੍ਹਾਂ ਉੱਪਰ ਸਰਕਾਰ ਦਾ ਲਗਭਗ 60 ਲੱਖ ਰੁਪਏ ਦਾ ਖਰਚਾ ਹੋਇਆ ਸੀ। ਦੁਕਾਨਦਾਰਾਂ ਨੇ ਇਹ ਰੈਂਪ ਪਾਣੀ ਨੂੰ ਦੁਕਾਨਾਂ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਬਣਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਅਜਿਹੀ ਕੋਈ ਕਾਰਵਾਈ ਕਰਨੀ ਹੈ ਤਾਂ ਸਮੁੱਚੇ ਸ਼ਹਿਰ ਵਿੱਚ ਕੀਤੀ ਜਾਵੇ ਪਰੰਤੂ ਕਲੱਬ ਰੋਡ ਅਤੇ ਪ੍ਰੇਮ ਬਸਤੀ ਰੋਡ ਦੇ ਦੁਕਾਨਦਾਰਾਂ ਨਾਲ ਪੱਖਪਾਤ ਕਰਦਿਆਂ ਧੱਕੇਸ਼ਾਹੀ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਮੁੱਚੇ ਦੁਕਾਨਦਾਰ ਵਪਾਰੀ ਏਡੀਸੀ ਨੂੰ ਮਿਲੇ ਜਿਨ੍ਹਾਂ ਨਗਰ ਕੌਂਸਲ ਦੇ ਪ੍ਰਸ਼ਾਸਕ ਐੱਸਡੀਐੱਮ ਨਾਲ ਗੱਲਬਾਤ ਕੀਤੀ। ਦੁਕਾਨਦਾਰਾਂ ਨੂੰ ਏਡੀਸੀ ਵੱਲੋਂ ਭਰੋਸਾ ਦਿਵਾਇਆ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਜਾਂ ਵਿਤਕਰਾ ਨਹੀਂ ਹੋਵੇਗਾ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਵਪਾਰੀਆਂ ’ਚ ਸਰਜੀਵਨ ਜਿੰਦਲ, ਸੁਰਿੰਦਰ ਕੁਮਾਰ, ਕਾਕਾ ਸਿੰਘ, ਕ੍ਰਿਸ਼ਨ ਗੋਪਾਲ, ਆਰਕੇ ਜੈਨ ਆਦਿ ਤੋਂ ਇਆਵਾ ਹੋਰ ਦੁਕਾਨਦਾਰ ਦੇ ਇਮਾਰਤਾਂ ਦੇ ਮਾਲਕ ਮੌਜੂਦ ਸਨ। ਦੁਕਾਨਦਾਰਾਂ ਨੇ ਇੱਕ ਲਿਖਤੀ ਸ਼ਿਕਾਇਤ ਪੱਤਰ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਨੂੰ ਵੀ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਕੌਂਸਲ ਨੇ ਰੂਟੀਨ ਕਾਰਵਾਈ ਕੀਤੀ: ਈਓ
ਨਗਰ ਕੌਂਸਲ ਸੰਗਰੂਰ ਦੇ ਈਓ ਬਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੂੰ ਸੜਕ ਉਪਰ ਬਣਾਏ ਨਾਜਾਇਜ਼ ਰੈਂਪ ਢਾਹੁਣ ਲਈ ਨੋਟਿਸ ਜਾਰੀ ਕੀਤੇ ਸਨ। ਅੱਜ ਜਦੋਂ ਉਹ ਪੁੱਜੇ ਤਾਂ ਦੁਕਾਨਦਾਰਾਂ ਨੇ ਕਿਹਾ ਹੈ ਕਿ ਬਾਕੀ ਸ਼ਹਿਰ ’ਚ ਵੀ ਨੋਟਿਸ ਜਾਰੀ ਕੀਤੇ ਜਾਣ ਤਾਂ ਉਹ ਵੀ ਆਪਣੇ ਆਪ ਰੈਂਪ ਢਾਹ ਲੈਣਗੇ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਨਾ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਨਗਰ ਕੌਂਸਲ ਦਾ ਹੀ ਰੂਟੀਨ ਦੀ ਕਾਰਵਾਈ ਹੈ। ਅੱਜ ਉਹ ਦੁਕਾਨਦਾਰਾਂ ਨੂੰ ਆਖ ਕੇ ਆਏ ਹਨ ਕਿ ਉਹ ਖੁਦ ਹੀ ਰੈਂਪ ਢਾਹ ਲੈਣ।