ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਨਵੰਬਰ
ਸਾਲ ਦਾ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਅੱਜ ਵਿਚ ਲਹਿਰਾਗਾਗਾ ਦੇ ਬਾਜ਼ਾਰਾਂ ਵਿਚ ਕੁਝ ਖ਼ਾਸ ਰੌਣਕ ਦੇਖਣ ਨੂੰ ਨਹੀਂ ਮਿਲੀ ਜਿਸ ਕਾਰਨ ਦੁਕਾਨਦਾਰ ਨਿਰਾਸ਼ ਦੇਖੇ ਗਏ। ਲੋਕਾਂ ਦੇ ਕੰਮ-ਧੰਦੇ ਨਾ ਰਹਿਣ ਕਰ ਕੇ ਖਰੀਦਦਾਰੀ ਦੀ ਸਮਰੱਥਾ ਖ਼ਤਮ ਹੋਣ, ਲੱਕ ਤੋੜਵੀਂ ਮਹਿੰਗਾਈ ਅਤੇ ਕਿਸਾਨਾਂ ਦੇ ਸੰਘਰਸ਼ ਕਰ ਕੇ ਅੱਜ ਆਮ ਲੋਕਾਂ ਵਿਚ ਦੀਵਾਲੀ ਦੇ ਤਿਉਹਾਰ ਵਾਲਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ, ਜਿਸ ਕਰ ਕੇ ਚੰਗੀ ਦੀਵਾਲੀ ਲੱਗਣ ਲਈ ਆਸਵੰਦ ਦੁਕਾਨਦਾਰਾਂ ਵਿੱਚ ਨਿਰਾਸ਼ਾ ਦੇਖੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਨੋਟਬੰਦੀ, ਫਿਰ ਜੀਐੱਸਟੀ ਅਤੇ ਉਸ ਤੋਂ ਬਾਅਦ ਕਰੋਨਾਵਾਇਰਸ ਕਰ ਕੇ ਹੋਈ ਤਾਲਾਬੰਦੀ ਨੇ ਮਹਿੰਗਾਈ ਨੂੰ ਅਸਮਾਨੀ ਪਹੁੰਚਾ ਦਿੱਤਾ ਹੈ। ਹਰੀਸ਼ ਹੈਰੀ ਨਾਮ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੀਵਾਲੀ ਵਿਚ ਚੰਗਾ ਧੰਦਾ ਹੋਣ ਦੀ ਪੂਰੀ ਆਸ ਸੀ ਜਿਸ ਕਰ ਕੇ ਉਨ੍ਹਾਂ ਨੇ ਪਹਿਲਾਂ ਹੀ ਸਾਮਾਨ ਜਮ੍ਹਾਂ ਕੀਤਾ ਹੋਇਆ ਸੀ ਪਰ ਕੰਮ-ਧੰਦੇ ਨਾ ਹੋਣ ਤੇ ਲੱਕ ਤੋੜਵੀਂ ਮਹਿੰਗਾਈ ਨੇ ਲੋਕਾਂ ਦੀ ਖ਼ਰੀਦਦਾਰੀ ਦੀ ਸਮਰੱਥਾ ਵੀ ਖ਼ਤਮ ਕਰ ਦਿੱਤੀ ਹੈ ਜਿਸ ਕਾਰਨ ਆਸ ਮੁਤਾਬਕ ਕੰਮ ਨਹੀਂ ਹੈ। ਇੱਥੇ ਮੁੱਖ ਬਾਜ਼ਾਰ ਵਿੱਚ ਇਲੈਕਟ੍ਰੌਨਿਕ ਸਾਮਾਨ ਦੀ ਵੱਡੀ ਦੁਕਾਨ ਕਰਦੇ ਮਨੋਹਰ ਲਾਲ ਮਨੋਰੀ, ਰਾਧੇ ਸ਼ਾਮ ਤੇ ਰਾਮ ਨਿਵਾਸ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਦੀਵਾਲੀ ਵਰਗੇ ਅਹਿਮ ਤਿਉਹਾਰ ਪ੍ਰਤੀ ਉਤਸ਼ਾਹ ਲਗਾਤਾਰ ਘੱਟਦਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਕਾਲੀ ਦੀਵਾਲੀ ਮਨਾਏ ਜਾਣ ਦਾ ਸੱਦਾ ਵੀ ਦੁਕਾਨਦਾਰਾਂ ਨੂੰ ਡਰਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਵਾਲਾ ਦਿਨ ਦੁਕਾਨਦਾਰਾਂ ਲਈ ਸਭ ਤੋਂ ਵੱਧ ਗਾਹਕੀ ਵਾਲਾ ਦਿਨ ਹੁੰਦਾ ਸੀ ਪਰ ਇਸ ਵਾਰ 50 ਫੀਸਦੀ ਤੋਂ ਵੀ ਘੱਟ ਕੰਮ ਹੈੈੈ।
ਇੱਕ ਦੁਕਾਨਦਾਰ ਅਨਿਲ ਨੇ ਦੱਸਿਆ ਕਿ ਮਹਿੰਗਾਈ ਕਰ ਕੇ ਸਾਮਾਨ ਦੀ ਵਿਕਰੀ ਸੀਮਿਤ ਹੋ ਕੇ ਰਹਿ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਖੁਸ਼ੀ ਦਾ ਇਜ਼ਹਾਰ ਕਰਨ ਦਾ ਤਿਉਹਾਰ ਹੈ ਪਰ ਹੁਣ ਇਹ ਸਿਰਫ਼ ਰਸਮੀ ਬਣਨ ਕਰ ਕੇ ਗਰੀਬ ਪਰਿਵਾਰਾਂ ’ਤੇ ਬੋਝ ਬਣ ਗਿਆ ਹੈ। ਮਹਿੰਗਾਈ ਨੇ ਬਹੁਤੇ ਦੁਕਾਨਦਾਰਾਂ ਦੇ ਦੀਵਾਲੀ ਦੌਰਾਨ ਸੀਜ਼ਨ ਲੱਗਣ ਦੇ ਚਾਅ ਮੱਠੇ ਕਰ ਦਿੱਤੇ ਹਨ ਅਤੇ ਦੁਕਾਨਦਾਰ ਇੱਕ-ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ।