ਪੱਤਰ ਪੇ੍ਰਕ
ਸ਼ੇਰਪੁਰ, 15 ਸਤੰਬਰ
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ੇਰਪੁਰ ਵਿੱਚ ਚਿੱਟੇ ਦੀ ਵਿਕਰੀ ਦੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਮਾਮਲੇ ’ਚ ਪੁਲੀਸ ਦੀ ਭੂਮਿਕਾ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਅਤੇ ਉਹ ਇਸ ਮਾਮਲੇ ਸਬੰਧੀ ਛੇਤੀ ਹੀ ਪੰਜਾਬ ਦੇ ਡੀਜੀਪੀ ਨੂੰ ਮਿਲ ਕੇ ਸਾਰੀ ਸਥਿਤੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ। ਵਿਧਾਇਕ ਪੰਡੋਰੀ ਨੇ ਕਿਹਾ ਕਿ ਉਹ ਆਪਣੇ ਹਲਕੇ ਤੋਂ ਬਾਹਰ ਸਨ ਜਿਸ ਕਰਕੇ ਇਸ ਮਾਮਲੇ ਵਿੱਚ ਹਾਲੇ ਤੱਕ ਸਰਗਰਮ ਭੂਮਿਕਾ ਅਦਾ ਨਹੀਂ ਕਰ ਸਕੇ ਪਰ ਹੁਣ ਉਹ ਪੀੜਤ ਪਰਿਵਾਰਾਂ ਤੇ ਪੰਚਾਇਤ ਨਾਲ ਵੀ ਗੱਲ ਕਰਨਗੇ। ਯਾਦ ਰਹੇ ਗ੍ਰਾਮ ਪੰਚਾਇਤ ਪੰਜਗਰਾਈਆਂ ਨੇ ਪੁਲੀਸ ਨੂੰ ਸ਼ੇਰਪੁਰ ’ਚ ਨਸ਼ਿਆਂ ਦੇ ਕਾਰੋਬਾਰ ਚਲਾ ਰਹੇ ਕੁਝ ਖਾਸ ਪਰਿਵਾਰਾਂ ਦੇ ਲਿਖਤੀ ਤੌਰ ’ਤੇ ਨਾਮ ਦਿੱਤੇ ਜਾਣ ਮਗਰੋਂ ਇਹ ਮਾਮਲਾ ਕਈ ਦਿਨਾਂ ਤੋਂ ਚਰਚਾ ਵਿੱਚ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਬਿਨਾਂ ਕਿਸੇ ਹੋਰ ਪਾਰਟੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।