ਬੀਰਬਲ ਰਿਸ਼ੀ
ਸ਼ੇਰਪਰ, 18 ਜੂਨ
ਖੇਤੀਬਾੜੀ ਮੋਟਰਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਤੋਂ ਖ਼ਫ਼ਾ ਕਿਸਾਨਾਂ ਨੇ ਅੱਜ 66 ਕੇਵੀ ਗਰਿੱਡ ਘਨੌਰੀ ਕਲਾਂ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀਬਾੜੀ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇ। ਘਨੌਰੀ ਫੀਡਰ ਓਵਰਲੋਡ ਬਿਜਲੀ ਲਾਈਨ ਨੂੰ ਤੁਰੰਤ ਅੰਡਰਲੋਡ ਕੀਤਾ ਜਾਵੇ ਅਤੇ ਦੋ ਮਹੀਨੇ ਪਹਿਲਾਂ ਕੀਤਾ ਜਾਣ ਵਾਲੇ ਕੰਮ ਵਿਚ ਦੇਰੀ ਹੋਣ ਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਐੱਸਡੀਓ ਸੁਖਵੀਰ ਸਿੰਘ ਵੱਲੋਂ ਭਾਵੇਂ ਕਿਸਾਨਾਂ ਨੂੰ ਕੱਲ੍ਹ ਤੱਕ ਘਨੌਰੀ ਫੀਡਰ ਦੀ ਲਾਈਨ ਅੰਡਰਲੋਡ ਕਰਨ ਦਾ ਭਰੋਸਾ ਦਿੱਤਾ ਪਰ ਗੁੱਸੇ ’ਚ ਆਏ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਰਘਬੀਰ ਸਿੰਘ ਘਨੌਰੀ ਦੀ ਸਾਂਝੀ ਅਗਵਾਈ ਹੇਠ ਐੱਸਡੀਓ ਸਮੇਤ ਹੋਰ ਮੁਲਾਜ਼ਮਾਂ ਨੂੰ ਗਰਿੱਡ ਅੰਦਰ ਹੀ ਤਾੜ ਲਿਆ। ਮਾਮਲੇ ਦੀ ਗੂੰਜ ਭਾਵੇਂ ਪਾਵਰਕੌਮ ਦਫ਼ਤਰ ਮੁੱਖ ਦਫ਼ਤਰ ਪਟਿਆਲਾ ਤਕ ਪੈ ਚੁੱਕੀ ਹੈ ਪਰ ਹਾਲੇ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕਿਸਾਨ ਇਸ ਗੱਲ ਲਈ ਬਜ਼ਿੱਦ ਹਨ ਕਿ ਬਿਜਲੀ ਲਾਈਨ ਅੱਜ ਹੀ ਅੰਡਰਲੋਡ ਕੀਤੀ ਜਾਵੇ। ਉਧਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਘਨੌਰੀ ਨੇ ਗਰਿੱਡ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੂੰ ਚਾਹ ਪਾਣੀ ਅਤੇ ਲੰਗਰ ਦੀ ਸੇਵਾ ਦਾ ਭਰੋਸਾ ਦਿੱਤਾ। ਇਸ ਮੌਕੇ ਧਰਨੇ ਨੂੰ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਸੇਵਕ ਸਿੰਘ ਬਾਦਸ਼ਾਹਪੁਰ, ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਰਤਿੰਦਰ ਰਤਨ ਘਨੌਰੀ, ਬਲਜੀਤ ਸਿੰਘ, ਮਲਕੀਅਤ ਸਿੰਘ, ਪੰਚ ਸੱਤਪਾਲ ਸਿੰਘ ਤੇ ਅਮਰਜੀਤ ਸਿੰਘ ਭੱਠੇਵਾਲਾ ਘੜੀ ਨੇ ਸੰਬੋਧਨ ਕੀਤਾ।