ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਅਗਸਤ
ਕੇਂਦਰ ਸਰਕਾਰ ਦੇ ਸ਼ਹਿਣਾ-ਸਰਹਿੰਦ ਐਕਸਪ੍ਰੈੱਸਵੇਅ ਸਬੰਧੀ ਬਣੀ ਸੜਕ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਰਮਨਦੀਪ ਸਿੰਘ ਉਪੋਕੀ ਨੇ ਕਿਹਾ ਕੀ ਜ਼ਮੀਨ ਗ੍ਰਹਿਣ ਕਾਨੂੰਨ-2013 ਦੀਆਂ ਧੱਜੀਆਂ ਉਡਾ ਕੇ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਬਿਨਾਂ ਸਹਿਮਤੀ ਤੋਂ ਬੁਰਜੀਆਂ ਗੱਡ ਦਿੱਤੀਆਂ ਗਈਆਂ ਹਨ। ਇਸ ਐਕਸਪ੍ਰੈਸਵੇਅ ਕਾਰਨ ਬਹੁਤੇ ਕਿਸਾਨਾਂ ਦੀਆਂ ਜ਼ਮੀਨਾਂ ਦੋ ਟੋਟਿਆਂ ਵਿੱਚ ਵੰਡੀਆਂ ਗਈਆਂ ਹਨ, ਇਸ ਨਾਲ ਜ਼ਮੀਨਾਂ ਨਾਲੋਂ ਰਸਤੇ ਅਤੇ ਪਾਣੀ ਦਾ ਪ੍ਰਬੰਧ ਟੁੱਟ ਗਿਆ ਹੈ। ਸੰਪਰਕ ਸੜਕਾਂ ਉਪਰ ਬਣਨ ਵਾਲੇ ਛੋਟੇ ਪੁਲਾਂ ਕਾਰਨ ਵੱਡੇ ਸਾਧਨਾਂ ਟਰੈਕਟਰ-ਕੰਬਾਈਨਾਂ ਆਦਿ ਦਾ ਗੁਜ਼ਰਨਾ ਮੁਸ਼ਕਲ ਹੋ ਜਾਵੇਗਾ। ਇਸ ਲਈ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੀ ਸਹਿਮਤੀ ਲਈ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਪਰਉਪਕਾਰ ਸਿੰਘ, ਅੰਮ੍ਰਿਤ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਦੀਪੀ, ਚੇਤੰਨ ਸਿੰਘ, ਗੁਰਭਗਤ ਸਿੰਘ, ਸੁਖਵੰਤ ਸਿੰਘ, ਹਰਪਾਲ ਸਿੰਘ, ਭਰਭੂਰ ਸਿੰਘ, ਦਵਿੰਦਰ ਸਿੰਘ, ਦੀਦਾਰ ਸਿੰਘ ਆਦਿ ਮੌਜੂਦ ਸਨ।