ਬੀਰਬਲ ਰਿਸ਼ੀ
ਸ਼ੇਰਪੁਰ, 29 ਅਪਰੈਲ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਆਗੂ ਸੁਖਵਿੰਦਰ ਸਿੰਘ ਲੀਲਾ ਸਮੇਤ ਇੱਕ ਦਰਜਨ ਤੋਂ ਵੱਧ ਹੋਰ ਪ੍ਰਮੁੱਖ ਆਗੂਆਂ ਨੇ ਜਥੇਬੰਦੀ ਤੋਂ ਦਿੱਤੇ ਸਮੂਹਿਕ ਅਸਤੀਫ਼ੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੂੰ ਭੇਜਣ ਦਾ ਖੁਲਾਸਾ ਕੀਤਾ।
ਬਾਗੀ ਕਿਸਾਨ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਜ਼ਿਲ੍ਹਾ ਤੇ ਸੂਬਾ ਆਗੂਆਂ ਵੱਲੋਂ ਉਨ੍ਹਾਂ ਦੀ ਸ਼ਿਕਾਇਤਾਂ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ ਲਗਾਏ ਹਨ। ਯਾਦ ਰਹੇ ਕਿ ਅੱਜ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਬੀਕੇਯੂ ਡਕੌਂਦਾ ਦੇ ਬਲਾਕ ਆਗੂ ਹੋਏ ਦੋਫਾੜ’ ਸਿਰਲੇਖ ਹੇਠ ਖ਼ਬਰ ਛਪੀ ਸੀ।
ਅਸਤੀਫ਼ੇ ਦੇਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਬਲਾਕ ਆਗੂ ਸੁਖਵਿੰਦਰ ਸਿੰਘ ਲੀਲਾ ਤੋਂ ਇਲਾਵਾ ਜਥੇਬੰਦੀ ਦੇ ਕਾਰਕੁਨ ਬਲਵੰਤ ਸਿੰਘ ਛੰਨਾ, ਇਕਾਈ ਪ੍ਰਧਾਨ ਜ਼ੋਰਾ ਸਿੰਘ ਛੰਨਾ, ਜਨਰਲ ਸਕੱਤਰ ਨਿਰਮਲ ਸਿੰਘ, ਖਜ਼ਾਨਚੀ ਬਿਕਰਮਜੀਤ ਸਿੰਘ, ਮੀਤ ਪ੍ਰਧਾਨ ਰਾਮ ਸਿੰਘ, ਜਗਦੇਵ ਸਿੰਘ, ਹਰੀ ਸਿੰਘ, ਬਚਿੱਤਰ ਸਿੰਘ, ਹਰਪਾਲ ਸਿੰਘ ਪਾਲੀ, ਜੋਧ ਸਿੰਘ, ਨਿੱਕਾ ਸਿੰਘ ਚਹਿਲ, ਹਰਬੰਸ ਸਿੰਘ ਆਦਿ ਦੇ ਨਾਮ ਸ਼ੁਮਾਰ ਸਨ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸ਼ੇਰਪੁਰ ਬਲਾਕ ਸੰਗਰੂਰ ਨਾਲ ਜੋੜਿਆ ਹੋਇਆ ਜਿਸ ਕਰਕੇ ਉਹ ਆਪਣੇ ਅਸਤੀਫ਼ੇ ਸੰਗਰੂਰ ਜ਼ਿਲ੍ਹਾ ਇਕਾਈ ਜਾ ਸੂਬਾ ਕਮੇਟੀ ਨੂੰ ਭੇਜਣ।