ਪੱਤਰ ਪ੍ਰੇਰਕ
ਲਹਿਰਾਗਾਗਾ, 27 ਦਸੰਬਰ
ਪੁਲੀਸ ਨੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸਦਰ ਇੰਸਪੈਕਟਰ ਵਿਜੈ ਪਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਾਮੇਸ਼ਵਰ ਦਾਸ ਨੇ ਰਾਤ 8 ਵਜੇ ਗਸ਼ਤ ਦੌਰਾਨ ਮਹਿਕ ਕੁਮਾਰ ਵਾਰਡ 11 ਨੂੰ ਨਸ਼ੀਲੀਆਂ ਗੋਲੀਆਂ ਵੇਚਦੇ ਕਾਬੂ ਕੀਤਾ, ਉਸਨੂੰ ਨਸ਼ੀਲੀਆਂ ਦਵਿੰਦਰ ਸਿੰਘ ਵਾਸੀ ਵਾਰਡ 9 ਸਪਲਾਈ ਕਰਦਾ ਸੀ। ਥਾਣੇਦਾਰ ਗੁਰਚਰਨ ਸਿੰਘ ਨੇ 720 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਦੋਹਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਐੱਸਟੀਐੱਫ ਸੰਗਰੂਰ ਦੇ ਸਹਾਇਕ ਥਾਣੇਦਾਰ ਜਤਿੰਦਰਪਾਲ ਨੇ ਗਸ਼ਤ ਸਮੇਂ ਮੁਖਬਰੀ ਮਿਲਣ ’ਤੇ ਮੋਟਰਸਾਈਕਲ ਪੀਬੀ13ਆਰ8161 ਸਵਾਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਭਗਤ ਰਾਮ, ਸੋਨੀ ਸ਼ਰਮਾ, ਕਾਕਾ ਰਾਮ ਅਤੇ ਬੂਟਾ ਸਿੰਘ ਗੋਰਾ ਵਾਸੀ ਰੋਗਲਾ ਥਾਣਾ ਦਿੜਬਾ ਵਜੋਂ ਹੋਈ। ਪੁਲੀਸ ਨੇ ਮੁਲਜ਼ਮਾਂ ਤੋਂ 230 ਗੋਲੀਆਂ ਟਰਾਮਾਡੋਲ ਤੇ 580 ਅਲਪਰਾਸੇਫ ਦੀਆਂ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਵਿਜੈ ਪਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਲਵਲੀ ਸਿੰਘ ਲਵੀ ਵਾਸੀ ਖੰਡੇਬਾਦ ਦੇ ਘਰ ਛਾਪੇਮਾਰੀ ਕਰ ਕੇ 35 ਲਿਟਰ ਲਾਹਣ, ਇੱਕ ਨਾਜਾਇਜ਼ ਸ਼ਰਾਬ ਬੋਤਲ ਤੇ ਚਾਲੂ ਭੱਠੀ ਬਰਾਮਦ ਕਰਕੇ ਮੁਲਜ਼ਮ ਨੂੰ ਐਕਸਾਈਜ਼ ਐੈਕਟ ਅਧੀਨ ਗ੍ਰਿਫ਼ਤਾਰ ਕੀਤਾ ਹੈ।