ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਅਗਸਤ
ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਸਿੰਘ ਰਾਏ ਅਤੇ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਭਜੋਤ ਸਿੰਘ ਕਾਲੇਕਾ ਦੀ ਪ੍ਰਧਾਨਗੀ ਹੇਠ ਸਬ ਡਿਵੀਜ਼ਨ ਮਾਲੇਰਕੋਟਲਾ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਇਸ ਵਿੱਚ ਗ਼ੈਰ-ਕੰਪਾਊਂਡੇਬਲ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਸਾਰੇ ਸਿਵਲ ਅਤੇ ਮਾਲ ਮੁਕੱਦਮੇ ਸ਼ਾਮਲ ਸਨ। ਲੋਕ ਅਦਾਲਤ ਦੇ ਸਬੰਧ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਅਦਾਲਤਾਂ ਵਿੱਚ 3 ਬੈਂਚ ਬਣਾਏ ਗਏ ਸਨ। ਲੋਕ ਅਦਾਲਤ ਵਿੱਚ ਤਿੰਨਾਂ ਬੈਂਚਾਂ ਵਿੱਚ ਪੇਸ਼ ਕੀਤੇ ਗਏ 294 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿੱਚ ਲਗਭਗ 4 ਕਰੋੜ 19 ਲੱਖ ਦੇ ਅਵਾਰਡ ਪਾਸ ਕੀਤੇ ਗਏ।
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਤੇ ਹਾਈ ਕੋਰਟ ਦੇ ਜੱਜ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਦੇਖ-ਰੇਖ ਹੇਠ ਕੌਮੀ ਲੋਕ ਅਦਾਲਤ ਲਾਈ ਗਈ। ਇਸ ਦੌਰਾਨ ਤਲਾਕ ਲੈਣ ਪੁੱਜੇ ਪਤੀ-ਪਤਨੀ ਦੀ ਅਦਾਲਤ ਵਿਚਲੇ ਸਬੰਧਤ ਬੈਂਚ ’ਤੇ ਮੌਜੂਦ ਜੱਜਾਂ ਨੇ ਸੁਲ੍ਹਾ ਕਰਵਾ ਕੇ ਉਨ੍ਹਾਂ ਦੇ ਘਰ/ਪਰਿਵਾਰ ਨੂੰ ਉਜੜਣ ਤੋਂ ਬਚਾਅ ਲਿਆ। ਇਸੇ ਤਰ੍ਹਾਂ ਹੀ ਬੱਚਿਆਂ ਦੀ ਸਪੁਰਦਗੀ ਦੇ ਮਾਮਲੇ ਵੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਏ ਗਏ। ਇਸ ਮੌਕੇ ਜਾਇਜ਼ਾ ਲੈਣ ਮਗਰੋਂ ਸੈਸ਼ਨਜ਼ ਜੱਜ ਤਰਸੇਮ ਮੰਗਲਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇੇ ਲੋਕ ਅਦਾਲਤਾਂ ਮਹੱਤਵ ਬਾਰੇ ਦੱਸਿਆ। ਪਟਿਆਲਾ ਸੈਸ਼ਨਜ਼ ਡਿਵੀਜ਼ਨ ਪੱਧਰੀ ਕੌਮੀ ਲੋਕ ਅਦਾਲਤ ਦੌਰਾਨ ਰੱੱਖੇ ਗਏ 23484 ਕੇਸਾਂ ਵਿਚੋਂ 20583 ਦਾ ਨਿਪਟਾਰਾ ਕਰਕੇ ਕਰੀਬ 1.31 ਕਰੋੜ ਦੇ ਅਵਾਰਡ ਪਾਸ ਕੀਤੇ ਗਏ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਹੈੱਡਕੁਆਰਟਰ ਦੀਆਂ ਅਦਾਲਤਾਂ ਅਤੇ ਉਪ ਮੰਡਲ ਸੁਨਾਮ, ਮੂਨਕ ਤੇ ਧੂਰੀ ਵਿੱਚ ਕੌਮੀ ਲੋਕ ਅਦਾਲਤਾਂ ਲਾਈਆਂ ਗਈਆਂ। ਇਨ੍ਹਾਂ ਅਦਾਲਤਾਂ ਵਿੱਚ ਕੁੱਲ 15 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ ’ਤੇ ਕੁੱਲ 9 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ। ਕੌਮੀ ਲੋਕ ਅਦਾਲਤ ਵਿਚ ਕੁੱਲ 10575 ਕੇਸ ਨਿਪਟਾਰੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 5815 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਅਦਾਲਤ ਦੌਰਾਨ 29,50,64,756/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।