ਪੱਤਰ ਪ੍ਰੇਰਕ
ਅਮਰਗੜ੍ਹ, 4 ਅਪਰੈਲ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਮੋਹੀ ਨੇ ਅੱਜ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਐੱਸਸੀ ਵਰਗ ਵੱਲੋਂ ਜਨਰਲ ਵਰਗ ਵਿਰੁੱਧ ਕੀਤੀਆਂ ਸ਼ਿਕਾਇਤਾਂ ਸੁਣ ਕੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਮਸਲੇ ਹੱਲ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੈਂਬਰ ਹੋਣ ਨਾਤੇ ਉਹ ਹਮੇਸ਼ਾਂ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਹੀ ਅਗਲੇਰੀ ਕਾਰਵਾਈ ਕਰਦੇ ਹਨ। ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਝਗੜਿਆਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਜਨਰਲ ਵਰਗ ਨੂੰ ਧਮਕਾ ਕੇ ਤੰਗ ਪ੍ਰੇਸ਼ਾਨ ਕਰਦੀਆਂ ਹਨ ਅਤੇ ਐੱਸਸੀ ਭਾਈਚਾਰੇ ਨੂੰ ਗੁਮਰਾਹ ਕਰਦੀਆਂ ਹਨ। ਗੁਮਰਾਹ ਕਰਨ ਵਾਲੀਆਂ ਅਖੌਤੀ ਜਥੇਬੰਦੀਆਂ ਨੂੰ ਤਾੜਨਾ ਕਰਦਿਆਂ ਉਨ੍ਹਾਂ ਕਿ ਜੇਕਰ ਕੋਈ ਗਲਤ ਤਰੀਕੇ ਨਾਲ ਜਨਰਲ ਵਰਗ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਵੀ ਆਪਣੀ ਸ਼ਿਕਾਇਤ ਐਸ ਸੀ ਕਮਿਸ਼ਨ ਨੂੰ ਕਰ ਸਕਦਾ ਹੈ। ਇਸ ਮੌਕੇ ਐੱਸਡੀਐੱਮ ਜਸਵੀਰ ਸਿੰਘ, ਡੀਐੱਸਪੀ ਸੰਦੀਪ ਵਡੇਰਾ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ।