ਪੱਤਰ ਪ੍ਰੇਰਕ
ਲਹਿਰਾਗਾਗਾ, 27 ਅਪਰੈਲ
ਕਰੀਬ ਚਾਰ ਮਹੀਨੇ ਪਹਿਲਾਂ ਛੱਤੀਸਗੜ੍ਹ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਲਹਿਰਾਗਾਗਾ ਦੇ ਜਵਾਨ ਵਰਿੰਦਰ ਸਿੰਘ ਸ਼ਨੀ ਦੇ ਸਸਕਾਰ ਮੌਕੇ ਪਹੁੰਚੇ ਰਾਜਨੀਤਕ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਹਿਰਾਗਾਗਾ ਵਿੱਚ ਸ਼ਹੀਦ ਦਾ ਬੁੱਤ ਲਾਉਣ ਸਬੰਧੀ ਐਲਾਨ ਕੀਤਾ ਸੀ ਪਰ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਸ਼ਹੀਦ ਵਰਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਉਸ ਦੇ ਭਰਾ ਦਾ ਬੁੱਤ ਲਗਵਾਇਆ ਜਾਵੇ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਅੱਜ ਕਰੀਬ ਚਾਰ ਮਹੀਨੇ ਲੰਘਣ ਦੇ ਬਾਵਜੂਦ ਬੁੱਤ ਲਗਾਉਣ ਲਈ ਕੋਈ ਗ੍ਰਾਂਟ ਜਾਰੀ ਨਹੀਂ ਹੋਈ ਅਤੇ ਨਾ ਕੋਈ ਕੰਮ ਸ਼ੁਰੂ ਹੋਇਆ ਹੈ। ਉਹ ਨਿੱਜੀ ਤੌਰ ’ਤੇ ਨਗਰ ਕੌਂਸਲ ਦੇ ਈਓ, ਐੱਸਡੀਐੱਮ ਲਹਿਰਾਗਾਗਾ, ਡੀਸੀ ਸੰਗਰੂਰ, ਵਿਧਾਇਕ ਬਰਿੰਦਰ ਗੋਇਲ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਕੇ ਗੁਜਾਰਿਸ਼ ਕਰ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਸ਼ਹੀਦ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ।