ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਗਸਤ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿੱਚ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸਿਵਲ ਜੱਜ ਸੀਨੀਅਰ ਡਵੀਜ਼ਨ ਦੀਪਤੀ ਗੋਇਲ ਨੇ ਦੱਸਿਆ ਕਿ ਬਿਰਧ ਆਸ਼ਰਮ ਵਿੱਚ ਜੱਜ ਸਾਹਿਬ ਵਲੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਪੁੱਛਿਆ ਗਿਆ। ਉਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਾਨਸਿਕ ਤੌਰ ਤੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਮਾਤਾ ਪਿਤਾ ਵੱਲੋਂ ਆਪਣੀ ਜਾਇਦਾਦ ਆਪਣੇ ਬਚਿਆਂ ਦੇ ਨਾਂ ਲਗਵਾ ਦਿੱਤੀ ਗਈ ਹੈ ਅਤੇ ਉਹ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੇ ਤਾਂ ਮਾਪੇ ਆਪਣੀ ਜਾਇਦਾਦ ਵਾਪਿਸ ਲੈਣ ਦੇ ਹੱਕਦਾਰ ਹਨ। ਇਸ ਮੌਕੇ ਉਨ੍ਹਾਂ ਸੀਨੀਅਰ ਸਿਟੀਜ਼ਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਬਜ਼ੁਰਗਾਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਵਰਲਡ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ। ਜਿਸ ਦੌਰਾਨ ਅਥਾਰਟੀ ਦੀ ਸਕੱਤਰ ਪਰਮਿੰਦਰ ਕੌਰ ਵੱਲੋਂ ਬਿਰਧ ਆਸ਼ਰਮ ਪਿੰਡ ਰੋਗਲਾ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲ ਕੀਤੀ ਗਈ। ਇਸ ਸੈਸ਼ਨ ਦੌਰਾਨ ਉਨ੍ਹਾਂ ਦੀ ਸਿਹਤ, ਮੈਡੀਕਲ ਸਹੂਲਤਾਂ ਅਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਖਾਣੇ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਐਕਟ ਬਾਰੇ ਅਤੇ ਨਾਲਸ਼ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਸਕੀਮ 2016 ਬਾਰੇ ਵੀ ਜਾਣੂ ਕਰਵਾਇਆ ਗਿਆ।