ਪੱਤਰ ਪ੍ਰੇਰਕ
ਭਵਾਨੀਗੜ੍ਹ, 22 ਸਤੰਬਰ
ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਪੋਸ਼ਣ ਮਹੀਨੇ ਤਹਿਤ ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਅਧੀਨ ਆਉਂਦੇ ਸਬਸਿਡਰੀ ਹੈਲਥ ਸੈਂਟਰ ਪਿੰਡ ਬਲਿਆਲ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਮਹੇਸ਼ ਆਹੂਜਾ ਨੇ ਸੰਤੁਲਿਤ ਆਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਹਰੀਆਂ ਸਬਜ਼ੀਆਂ, ਸਥਾਨਕ ਤੇ ਮੌਸਮੀ ਫਲ, ਦਾਲਾਂ ਅਤੇ ਨਿਯਮਤ ਤੌਰ ‘ਤੇ ਆਇਰਨ ਫੌਲਿਕ ਦੀ ਗੋਲੀ ਦਾ ਸੇਵਨ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਬਹੁਤ ਜ਼ਰੂਰੀ ਹਨ। ਬਲਾਕ ਐਕਸਟੈਂਸ਼ਨ ਐਜੂਕੇਟਰ ਗੁਰਵਿੰਦਰ ਸਿੰਘ ਅਤੇ ਰਣਜੀਤ ਕੌਰ ਐਲਐਚਵੀ ਨੇ ਸਿਹਤ ਵਿਭਾਗ ਦੇ ਕੌਮੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਗਰਭਵਤੀ ਔਰਤਾਂ ਨੂੰ ਸੰਤੁਲਿਤ ਆਹਾਰ ਵਾਲੀਆਂ ਪੋਸ਼ਣ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸਰਪੰਚ ਅਮਰੇਲ ਸਿੰਘ, ਏਐਨਐਮ ਸਿੰਦਰਪਾਲ ਕੌਰ, ਮੋਨਿਕਾ ਸ਼ਰਮਾ ਅਤੇ ਪਰਮਜੀਤ ਸਿੰਘ ਹਾਜ਼ਰ ਸਨ।