ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਸਤੰਬਰ
ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੈਟਫਾਰਮ (ਆਈਡੀਪੀ), ਸਾਇੰਟੇਫਿਕ ਅਵੇਰਨੈੱਸ ਐਂਡ ਸ਼ੋਸਲ ਵੈਲਫੇਅਰ ਫੋਰਮ ਤੇ ਇਨਸਾਫ਼ ਮੰਚ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਕਾਮਰੇਡ ਤੇਜ਼ਾ ਸਿੰਘ ਸੁਤੰਤਰ ਭਵਨ ਵਿਚ ‘‘ਪੰਜਾਬ ਦੇ ਮੌਜੂਦਾ ਹਾਲਾਤ, ਚੁਣੌਤੀਆਂ ਅਤੇ ਸੰਭਾਵਨਾਵਾਂ’’ ਉਪਰ ਸੈਮੀਨਾਰ ਕਰਵਾਇਆ ਗਿਆ। ਵਿਸ਼ੇ ਬਾਰੇ ਬੋਲਦਿਆਂ ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕੇਂਦਰੀਕਰਨ ਦੀ ਨੀਤੀ ਤਹਿਤ ਰਾਜਾਂ ਦੇ ਅਧਿਕਾਰ ਖੋਹਣ ਦੇ ਰਾਹ ਪਈ ਹੋਈ ਹੈ। ਪੰਜਾਬ ਅੰਦਰ ‘ਆਪ’ ਸਰਕਾਰ ਵੀ ਕੇਂਦਰੀਵਾਦ ਦੀ ਨੀਤੀ ਨੂੰ ਹੀ ਬੜ੍ਹਾਵਾ ਦੇ ਰਹੀ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਪ੍ਰਤੀ ਗੈਰਸੰਜੀਦਾ ਪਹੁੰਚ ਅਖਤਿਆਰ ਕਰ ਕੇ ਜਮਹੂਰੀ ਤਰੀਕੇ ਨਾਲ ਮਸਲੇ ਹੱਲ ਕਰਨ ਦੀ ਬਜਾਏ ਜਬਰ ਨਾਲ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਪੈ ਗਈ ਹੈ। ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਗਾਤਾਰ ਇੱਕੋ ਏਜੰਡੇ ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਦੀ ਬੁਨਿਆਦੀ ਸਮਝ ਦੇ ਟਾਕਰੇ ਲਈ ਸਿਵਲ ਸੁਸਾਇਟੀ ਮਹੱਤਵਪੂਰਨ ਰੋਲ ਨਿਭਾਅ ਸਕਦੀ ਹੈ ਅਤੇ ਦੇਸ਼ ਪੱਧਰ ’ਤੇ ਸਾਂਝਾ ਫਰੰਟ ਫੈਡਰਲਿਜ਼ਮ ਦੀ ਬੁਨਿਆਦ ’ਤੇ ਉਸਾਰਿਆ ਜਾਣਾ ਚਾਹੀਦਾ ਹੈ, ਜਿਸ ਅੰਦਰ ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਰਾਜ ਸਰਕਾਰਾਂ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਲੋਕਾਂ ਨੂੰ ਤਾਕਤਵਰ ਬਣਾਉਣ ਲਈ ਅਧਿਕਾਰ ਗਰਾਮ ਸਭਾ ਰਾਹੀਂ ਲੋਕਾਂ ਨੂੰ ਤਬਦੀਲ ਕਰਨ ਦੀ ਲੋੜ ਹੈ। ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਅਮਰਜੀਤ ਸਿੰਘ ਮਾਨ, ਪ੍ਰੋਫੈਸਰ ਸੰਤੋਖ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਸੀਪੀਆਈ ਦੇ ਜ਼ਿਲਾ ਸਕੱਤਰ ਸੁਖਦੇਵ ਸ਼ਰਮਾ, ਨੇ ਵੀ ਵਿਚਾਰ ਪੇਸ਼ ਕਰਦਿਆਂ ਅਜਿਹੀਆਂ ਚਰਚਾਵਾਂ ਦਾ ਘੇਰਾ ਵਿਸ਼ਾਲ ਕਰਨ ’ਤੇ ਜ਼ੋਰ ਦਿੱਤਾ। ਸੈਮੀਨਾਰ ਅੰਦਰ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ,ਤਰਲੋਚਨ ਸਿੰਘ ਸੂਲਰ ਘਰਾਟ, ਗੁਰਮੀਤ ਸਿੰਘ ਥੂਹੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।