ਨਿਜੀ ਪੱਤਰ ਪੇ੍ਰਕ
ਸੰਗਰੂਰ, 14 ਅਕਤੂਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ‘ਸੰਵਿਧਾਨਕ ਸੰਸਥਾਵਾਂ ਦਾ ਫਾਸ਼ੀਵਾਦੀਕਰਨ ਤੇ ਜਮਹੂਰੀ ਅਧਿਕਾਰ’ ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ। ਸ੍ਰੀ ਸਵਰਨਜੀਤ ਸਿੰਘ, ਨਾਮਦੇਵ ਸਿੰਘ ਭੁਟਾਲ, ਵਿਸ਼ਵ ਕਾਂਤ ਤੇ ਚਰਨਜੀਤ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਏ ਸੈਮੀਨਾਰ ’ਚ ਆਦਿਵਾਸੀਆਂ ਦੇ ਉਜਾੜੇ ਤੇ ਜਬਰ ਦੇ ਵਿਰੋਧ ਵਿੱਚ ਲੰਮੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸੈਮੀਨਾਰ ਦੀ ਸ਼ੁਰੂਆਤ ਕੁਲਵਿੰਦਰ ਬੰਟੀ ਤੇ ਸੁਖਦੇਵ ਸ਼ਰਮਾ ਦੇ ਗੀਤਾਂ ਨਾਲ ਕੀਤੀ ਗਈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਹਿਮਾਂਸ਼ੂ ਕੁਮਾਰ ਦਾ ਸਵਾਗਤ ਕਰਦਿਆਂ ਹਿਮਾਂਸ਼ੂ ਕੁਮਾਰ ਵੱਲੋਂ ਭਾਰਤੀ ਹਾਕਮਾਂ ਵੱਲੋਂ ਆਦਿਵਾਸੀਆਂ ਦੇ ਉਜਾੜੇ ਤੇ ਜਬਰ ਦੇ ਵਿਰੋਧ ’ਚ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਤੋਂ ਜਾਣੂ ਕਰਵਾਇਆ। ਸੈਮੀਨਾਰ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਉਦਾਰੀਕਰਨ, ਵਪਾਰੀਕਰਨ ਤੇ ਨਿੱਜੀਕਰਣ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਭਾਰਤੀ ਹਾਕਮਾਂ ਨੇ ਜੰਗਲੀ ਸਾਧਨਾਂ ਤੇ ਉਥੇ ਪਾਏ ਜਾਂਦੇ ਖਣਿਜ ਪਦਾਰਥਾਂ ਨੂੰ ਬਹੁਕੌਮੀ ਕੰਪਨੀਆਂ ਅੱਗੇ ਪਰੋਸ ਦਿੱਤਾ ਹੈ। ਹਜ਼ਾਰਾਂ ਸਾਲਾਂ ਤੋਂ ਜ਼ਿੰਦਗੀ ਬਸਰ ਕਰ ਰਹੇ ਆਦਿਵਾਸੀਆਂ ਨੂੰ ਰਾਜਕੀ ਦਮਨ ਨਾਲ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧ ਕਰ ਰਹੇ ਆਦਿਵਾਸੀਆਂ ਨੂੰ ਮਾਓਵਾਦੀ ਕਰਾਰ ਦੇ ਕੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਆਜ਼ਾਦੀ ਦੀ ਲੜਾਈ ਅੱਜ ਵੀ ਪ੍ਰਤੱਖ ਰੂਪ ’ਚ ਜਾਰੀ ਹੈ। ਪੂੰਜੀਪਤੀਆਂ ਸਰਕਾਰੀ ਹਿੰਸਾ ਦੇ ਸਹਾਰੇ ਲੋਕਾਂ ਦੀਆਂ ਜਾਇਦਾਦਾਂ ’ਤੇ ਕਬਜ਼ਾ ਕਰ ਰਹੇ ਹਨ ਤੇ ਕਿਰਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁਕਾਬਲਾ ਨਿਰਸਵਾਰਥ ਕੁਰਬਾਨੀਆਂ ਦੇਣ ਲਈ ਤਿਆਰ ਰਹਿ ਕੇ ਕੀਤਾ ਜਾ ਸਕਦਾ ਹੈ।
ਸੈਮੀਨਾਰ ’ਚ ਸਭਾ ਦੇ ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਵੱਲੋਂ ਪੇਸ਼ ਕੀਤੇ ਮਤਿਆਂ ’ਚ ਸੰਘਰਸ਼ਸ਼ੀਲ ਲੋਕਾਂ ਨਾਲ ਇਕਮੁੱਠਤਾ ਜਾਹਿਰ ਕਰਦਿਆਂ ਸਰਕਾਰੀ ਜਬਰ ਦਾ ਵਿਰੋਧ ਕੀਤਾ ਗਿਆ। ਸੂਬਾਈ ਆਗੂ ਨਾਮਦੇਵ ਭੁਟਾਲ ਨੇ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਕੀਤਾ। ਸੈਮੀਨਾਰ ’ਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਸਰਵ ਸ੍ਰੀ ਊਧਮ ਸਿੰਘ ਸੰਤੋਖਪੁਰਾ, ਬਲਵੀਰ ਚੰਦ ਲੌਂਗੋਵਾਲ, ਪ੍ਰਗਟ ਸਿੰਘ ਕਾਲਾਝਾੜ, ਸੰਜੀਵ ਮਿੰਟੂ, ਲਖਵੀਰ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ।