ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਮਈ
ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮਰਹੂਮ ਕੁਲਵੰਤ ਸਿੰਘ ਵਿਰਕ ਦੇ 101 ਸਾਲਾ ਜਨਮ ਦਿਵਸ ਨੂੰ ਸਮਰਪਿਤ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿਚ ਜਿੱਥੇ ਕੁਲਵੰਤ ਸਿੰਘ ਵਿਰਕ ਦੀ ਵਿਚਾਰਧਾਰਾ ਬਾਰੇ ਗੱਲਾਂ ਕੀਤੀਆਂ ਗਈਆਂ ਉਥੇ ਕਹਾਣੀ ਕਲਾ ਬਾਰੇ ਵੱਖ ਵੱਖ ਵਕਤਿਆਂ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਸੈਮੀਨਾਰ ਵਿੱਚ ਮੁੱਖ ਵਕਤਾ ਵਜੋਂ ਉਨ੍ਹਾਂ ਦੀ ਧੀ ਸੁਦੀਪ ਭੰਗੂ (ਸਾਬਕਾ ਡਿਪਟੀ- ਡੀ.ਪੀ.ਆਈ. ਕਾਲਜਾਂ) ਨੇ ਸਰੋਤਿਆਂ ਤੇ ਪਾਠਕਾਂ ਨੂੰ ਵਿਰਕ ਬਾਰੇ ਅਣਲਿਖੇ ਤੇ ਅਣਛੋਹੇ ਅਨੇਕਾਂ ਪੱਖਾਂ ਤੋਂ ਜਾਣੂ ਕਰਵਾਇਆ। ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਕੀਤਾ। ਉਪ ਪ੍ਰਿੰਸੀਪਲ ਡਾ. ਹਰਦੀਪ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਡਾ. ਮੇਵਾ ਰਾਮ ਨੇ ਧੰਨਵਾਦ ਕੀਤਾ।