ਪੱਤਰ ਪ੍ਰੇਰਕ
ਸੰਗਰੂਰ, 7 ਦਸੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ. ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਾਈ ਹਿੰਮਤ ਸਿੰਘ ਧਰਮਸ਼ਾਲਾ ਵਿੱਚ ਅਜਮੇਰ ਸਿੰਘ ਜ਼ੋਨ ਪ੍ਰਧਾਨ, ਸੁਰਿੰਦਰਪਾਲ ਸਿੰਘ ਸਿਦਕੀ ਵਿਸ਼ਵ ਤਾਲਮੇਲ ਕਮੇਟੀ ਮੈਂਬਰ, ਹਰਭਜਨ ਸਿੰਘ ਭੱਟੀ ਤੇ ਜਗਰੂਪ ਸਿੰਘ ਜੱਗੀ ਪ੍ਰਧਾਨ ਧਰਮਸ਼ਾਲਾ ਕਮੇਟੀ ਦੀ ਦੇਖ ਰੇਖ ਹੇਠ ਸੈਮੀਨਾਰ ਕਰਵਾਇਆ ਗਿਆ। ਪ੍ਰੋ. ਨਰਿੰਦਰ ਸਿੰਘ ਦੇ ਬਾਖ਼ੂਬੀ ਸਟੇਜ ਸੰਚਾਲਨ ਅਧੀਨ ਸੈਮੀਨਾਰ ਦੇ ਮੁੱਖ ਮਹਿਮਾਨ ਤੇ ਬੁਲਾਰੇ ਪ੍ਰਸਿੱਧ ਵਿਦਵਾਨ ਡਾ. ਚਰਨਜੀਤ ਸਿੰਘ ਉਡਾਰੀ ਨੇ ਭਾਈ ਸਾਹਿਬ ਵੱਲੋਂ ਪੰਜਾਬੀ ਸਾਹਿਤ, ਕਾਵਿ ਖੇਤਰ, ਸ਼ਬਦ ਕੋਸ਼, ਖਾਲਸਾ ਸੰਸਥਾਵਾਂ ਸਬੰਧੀ ਪਾਏ ਯੋਗਦਾਨ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ। ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ ਨੇ ਅਜਿਹੇ ਉਪਰਾਲੇ ਲਈ ਸਟੱਡੀ ਸਰਕਲ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਜਿੱਥੇ ਭੁਪਿੰਦਰ ਨਾਗਪਾਲ ਅਤੇ ਅਰੁਨ ਕੁਮਾਰ ਨੇ ਸੰਗੀਤ ਦੇ ਰੰਗ ਬਿਖੇਰੇ ਉਥੇ ਕਵੀਸ਼ਰ ਲਾਭ ਸਿੰਘ ਝੱਮਟ ਨੇ ਬੁਲੰਦ ਆਵਾਜ਼ ਵਿਚ ਕਵਿਤਾ ਦਾ ਗਾਇਨ ਕੀਤਾ ਸਮੂਹ ਬੁਲਾਰਿਆਂ ਦਾ ਸਟੱਡੀ ਸਰਕਲ ਵੱਲੋਂ ਸਨਮਾਨ ਕੀਤਾ ਗਿਆ।