ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਬਲਾਕ ਸੰਗਰੂਰ ਦੀ ਚੋਣ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਚੇਅਰਮੈਨ ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ, ਸਰਬਜੀਤ ਸਿੰਘ ਵੜੈਚ, ਅਮਰੀਕ ਸਿੰਘ ਗੁਰਨੇ, ਬਲਦੇਵ ਸਿੰਘ ਬਡਰੁੱਖਾਂ ਅਤੇ ਸਰਬਜੀਤ ਸਿੰਘ ਪੁੰਨਾਂਵਾਲ ਦੀ ਅਗਵਾਈ ਵਿੱਚ ਹੋਈ।
ਇਸ ਦੌਰਾਨ ਭੁਪਿੰਦਰ ਸਿੰਘ ਖਿੱਲਰੀਆਂ ਨੂੰ ਬਲਾਕ ਪ੍ਰਧਾਨ, ਕਰਨ ਸਿੰਘ ਨੂੰ ਜਨਰਲ ਸਕੱਤਰ, ਰਵੀ ਕੁਮਾਰ ਨੂੰ ਵਿੱਤ ਸਕੱਤਰ ਅਤੇ ਅੱਠ ਹੋਰ ਬਲਾਕ ਕਮੇਟੀ ਦੇ ਅਹੁਦੇਦਾਰ ਚੁਣੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਅਤੇ ਫਕੀਰ ਸਿੰਘ ਟਿੱਬਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਮੁਲਾਜ਼ਮ ਵਿਰੋਧੀ ਫ਼ੈਸਲੇ ਲੈ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਅਨੇਕਾਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਉਨ੍ਹਾਂ ਇਕੱਠੇ ਹੋਏ ਵਰਕਰਾਂ ਨੂੰ ਜਥੇਬੰਦ ਕਰਦੇ ਹੋਏ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਹੈ।