ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 3 ਨਵੰਬਰ
ਪੰਜਾਬ ਦੇ ਵਿਰਸੇ ਨੂੰ ਸੰਭਾਲਣ ਅਤੇ ਪ੍ਰਚਾਰਿਤ ਕਰਨ ਲਈ ਯਤਨਸ਼ੀਲ ‘ਧੀ ਪੰਜਾਬਣ ਮੰਚ’ ਵੱਲੋਂ ਸਥਾਨਕ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਚ ‘ਧੀ ਪੰਜਾਬਣ’ ਮੁਕਾਬਲੇ ਕਰਵਾਏ ਗਏ। ਇਸ ਦੇ ਸੈਮੀਫਾਈਨਲ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਗਗਨਦੀਪ ਕੌਰ ਢੀਂਡਸਾ ਨੇ ਕਿਹਾ ਹੈ ਕਿ ਅਜੋਕੀ ਪੀੜੀ ਪੰਜਾਬ ਦੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ, ਇਸ ਦੇ ਲਈ ਮਾਪੇ ਜ਼ਿੰਮੇਵਾਰ ਹਨ, ਜੋ ਬੱਚਿਆਂ ਨੂੰ ਨਾ ਵਿਰਸੇ ਬਾਰੇ ਦੱਸਦੇ ਹਨ ਅਤੇ ਨਾ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਤੋਂ ਜਾਣੂ ਕਰਵਾਉਦੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਪੰਜਾਬੀਆਂ ਦੇ ਘਰਾਂ ਵਿਚ ਛੋਟੀ-ਛੋਟੀ ਗੱਲ ਲਈ ਅੰਗਰੇਜ਼ੀ ਦਾ ਸਹਾਰਾ ਲਿਆ ਜਾਂਦਾ ਹੈ। ਨਤੀਜੇ ਵਜੋਂ ਬੱਚੇ ਆਪਣੇ ਅਮੀਰ ਸਭਿਆਚਾਰ ਨਾਲੋਂ ਟੁੱਟਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧੀ ਪੰਜਾਬਣ ਮੰਚ ਦਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ। ਸਮਾਗਮ ਦੀ ਪ੍ਰਧਾਨਗੀ ਮਹੰਤ ਹਰਪਾਲ ਦਾਸ ਇਮਾਮਗੜ ਨੇ ਕੀਤੀ। ਡਾ. ਭੁਪਿੰਦਰ ਸਿੰਘ ਪੂਨੀਆ ਨੇ ਮੰਚ ਦੀ ਸ਼ਲਾਘਾ ਕੀਤੀ। ਸਕੱਤਰ ਜਸਵੰਤ ਸਿੰਘ ਖਹਿਰਾ ਨੇ ਅਜਿਹੇ ਕਾਰਜਾਂ ਲਈ ਪੂਰੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਢੀਂਗਰਾ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਆਖਰੀ ਗੇੜ 7 ਨਵੰਬਰ ਨੂੰ ਇਸੇ ਕਾਲਜ ਵਿਚ ਹੋਵੇਗਾ।