ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਦਸੰਬਰ
ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੂੰ ਆਊਟਸੋਰਸ ਦੀ ਬਜਾਏ ਪੱਕੇ ਕਰਨ ਨੂੰ ਲੈ ਕੇ ਲਾਏ ਧਰਨੇ ਦੇ 5ਵੇਂ ਦਿਨ ਸਫਾਈ ਸੇਵਗਾਂ ਨੇ ਨਾਅਰਬਾਜ਼ੀ ਕੀਤੀ। ਕਾਮਿਆਂ ਨੇ ਕਿਹਾ ਕਿ ਅਧਿਕਾਰੀ ਰਿਕਾਰਡ ਨਾ ਪੂਰਾ ਕਰਨ ਦਾ ਬਹਾਨਾ ਲਾ ਕੇ ਮਾਮਲਾ ਲਟਕਾ ਰਹੇ ਹਨ। ਇਸੇ ਦੌਰਾਨ ਐੱਸਡੀਐੱਮ ਨੇ ਜਥੰਬਦੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਰਿਕਾਰਡ ਛੇਤੀ ਕਰਨ ਦੇ ਹੁਕਮ ਦਿੱਤੇ ਤਾਂ ਜੋ ਸਾਰੇ ਸਫ਼ਾਈ ਪੱਕਾ ਕੀਤਾ ਜਾਵੇ। ਇਸ ਤੋਂ ਪਹਿਲਾਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਦੌਰਾਨ ਐੱਸਡੀਐੱਮ ਦਫ਼ਤਰ ਤੋਂ ਮੁੱਖ ਬਾਜ਼ਾਰ ਤੱਕ ਰੋਸ ਰੈਲੀ ਕੀਤੀ ਤੇ ਨਗਰ ਕੌਂਸਲ ਪ੍ਰਬੰਧਕ ਕਮ ਐੱਸਡੀਐੱਮ ਦਾ ਪਿੱਟ ਸਿਆਪਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਮੰਗਾਂ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। ਏਟਕ ਪ੍ਰਧਾਨ ਮਹਿੰਦਰ ਬਾਗੀ, ਬੀਕੇਯੂ ਏਕਤਾ ਉਗਰਾਹਾਂ ਦੇ ਲੋਕਲ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਮੰਗਾਂ ਪੂੁਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ।