ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਮਈ
ਇਥੇ ਅੱਜ ਨਗਰ ਕੌਂਸਲ ਦਫਤਰ ਅੱਗੇ ਸਫ਼ਾਈ ਸੇਵਕ ਯੂਨੀਅਨ ਨੇ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਅਣਮਿਥੇ ਸਮੇਂ ਦੀ ਹੜਤਾਲ ਦੌਰਾਨ ਸੱਤਵੇਂ ਦਿਨ ਧਰਨਾ ਦੇਕੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਨਵਨਿਯੁਕਤ ਕੌਂਸਲਰਾਂ ਨੂੰ ਮੰਗ ਪੱਤਰ ਦਿੱਤਾ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ ਤੇ ਨਾਲੀਆਂ ’ਚੋ ਪਾਣੀ ਉਛਲਣ ਲੱਗਾ ਹੈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਏਟਕ ਦੇ ਬਲਾਕ ਪ੍ਰਧਾਨ ਕਾਮਰੇਡ ਮਹਿੰਦਰ ਬਾਗੀ, ਕਾਂਗਰਸ ਦੇ ਐੰਸਸੀਬੀਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਤੇ ਸਾਬਕਾ ਕੌਂਸਲਰ ਗੁਰਲਾਲ ਸਿੰਘ, ਸਾਬਕਾ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ, ਰਵਿੰਦਰ ਕੌਰ ਆਦਿ ਨੇ ਕਿਹਾ ਕਿ ਸ਼ਹਿਰਾਂ ਦੀ ਸਫਾਈ ਦਾ ਕੰਮ ਸਥਾਈ ਹੈ ਪਰ ਮਿਊਂਸਪਲ ਕੌਂਸਲਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਸਫਾਈ ਕਰਮਚਾਰੀਆਂ ਨੂੰ ਹਜਾਰ ਰੁਪਏ ਸਪੈਸਪਲ ਭੱਤਾ ਦੇਣ ਦੀ ਮੰਗ ਕੀਤੀ।
ਰਾਜਪੁਰਾ(ਬਹਾਦਰ ਸਿੰਘ ਮਰਦਾਂਪੁਰ) ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਰਾਜਪੁਰਾ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅਤੇ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਸਫਾਈ ਸੇਵਕਾਂ ਦੀ ਇਸ ਹੜਤਾਲ ਕਾਰਨ ਸ਼ਹਿਰ ਵਿੱਚ ਗੰਦਗੀ ਫੈਲਣ ਲੱਗੀ ਹੈ। ਅਨੇਕਾਂ ਥਾਵਾਂ ’ਤੇ ਕੂੜੇ ਅਤੇ ਗੰਦਗੀ ਦੇ ਢੇਰ ਦਿਖਾਈ ਦੇਣ ਲੱਗ ਪਏ ਹਨ। ਮੁਕੰਮਲ ਤੌਰ ’ਤੇ ਹੜਤਾਲ ਕਰਕੇ ਧਰਨਾ ਦੇ ਰਹੇ ਸਫਾਈ ਸੇਵਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਹੰਸ ਰਾਜ ਬਨਵਾੜੀ, ਜਸਵੀਰ ਕੁਮਾਰ, ਤਰਸੇਮ ਲਾਲ, ਸ਼ਿਵ ਕੁਮਾਰ ਮੋਨੀ, ਰਜਿੰਦਰ ਕੁਮਾਰ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਕੰਮ ਕਰਦੇ ਕੱਚੇ ਸਫਾਈ ਸੇਵਕਾਂ ਨੁੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮ੍ਰਿਤਕ ਮੁਲਾਜਮਾਂ ਦੇ ਆਸ਼ਰਿਤਾਂ ਨੂੰ ਤੁਰੰਤ ਨੌਕਰੀਆਂ ਦਿੱਤੀਆ ਜਾਣ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ।
ਹੜਤਾਲ ਖਤਮ ਕਰਵਾਉਣ ਲਈ ਵਪਾਰ ਮੰਡਲ ਨੇ ਮੰਗ ਪੱਤਰ ਸੌਂਪਿਆ
ਧੂਰੀ, (ਪਵਨ ਕੁਮਾਰ ਵਰਮਾ): ਪਿਛਲੇ 6-7 ਦਿਨਾਂ ਤੋਂ ਸੂਬੇ ਭਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ, ਜਿਸ ਦੇ ਚਲਦਿਆਂ ਸ਼ਹਿਰ ਵਿੱਚ ਜਗਾ੍ਹ-ਜਗਾ੍ਹ ‘ਤੇ ਕੂੜੇ ਦੇ ਢੇਰ ਲੱਗੇ ਪਏ ਹਨ। ਇਸ ਸਬੰਧੀ ਅੱਜ ਧੂਰੀ ਵਪਾਰ ਮੰਡਲ ਧੂਰੀ ਵੱਲੋਂ ਨਗਰ ਕੌਂਸਲ ਧੂਰੀ ਦੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਮੰਨ ਕੇ ਹੜਤਾਲ ਨੂੰ ਖਤਮ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਜੌਲੀ, ਕਾਂਗਰਸੀ ਆਗੂ ਨਰੇਸ਼ ਕੁਮਾਰ ਮੰਗੀ, ਸਾਧੂ ਰਾਮ, ਬਲਵਿੰਦਰ ਸਿੰਘ ਬਿੱਲੂ, ਅਸ਼ਵਨੀ ਧੀਰ, ਰਾਜੀਵ ਚੌਧਰੀ ਅਤੇ ਅਜੈ ਪਰੋਚਾ ਆਦਿ ਮੌਜੂਦ ਸਨ।