ਰਮੇਸ਼ ਭਾਰਦਵਾਜ
ਲਹਿਰਾਗਾਗਾ,16 ਜੂਨ
ਸਾਂਝਾ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਜਲੂਰ ਜੋ ਕਿ ਜ਼ਮੀਨੀ ਘੋਲ ਦਾ ਕੇਂਦਰ ਬਿੰਦੂ ਰਿਹਾ ਹੈ, ਦੇ ਕਿਰਤੀ ਲੋਕਾਂ ਵੱਲੋਂ ਇੱਕ ਲੰਮੇ ਸੰਘਰਸ਼ ਅਤੇ ਲਗਾਤਾਰ ਪੰਜ ਬੋਲੀਆਂ ਰੱਦ ਹੋਣ ਤੋਂ ਬਾਅਦ ਪਿਛਲੇ ਸਾਲ ਨਾਲੋਂ ਘੱਟ ਰੇਟ ’ਤੇ ਤਿੰਨ ਸਾਲ ਲਈ ਪਟੇ ’ਤੇ ਜ਼ਮੀਨ ਹਾਸਲ ਕੀਤੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਜ਼ੋਨਲ ਆਗੂ ਗੁਰਦਾਸ ਜਲੂਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਸਸੀ ਭਾਈਚਾਰੇ ਦੀ ਰਾਖਵੀਂ ਪੰਚਾਇਤੀ ਜ਼ਮੀਨ ਦੀ ਸਾਂਝੀ ਖੇਤੀ ਲਈ 110 ਦੇ ਕਰੀਬ ਪਰਿਵਾਰਾਂ ਵੱਲੋਂ ਇਹ ਜ਼ਮੀਨ ਲਈ ਗਈ ਹੈ ਅਤੇ ਇਸ ਜ਼ਮੀਨ ਨਾਲ ਉਨ੍ਹਾਂ ਦਲਿਤਾਂ ਦਾ ਮਾਣ ਸਨਮਾਨ ਬਹਾਲ ਹੋਵੇਗਾ ਅਤੇ ਪਸ਼ੂਆਂ ਲਈ ਹਰੇ ਚਾਰੇ ਤੇ ਆਰਥਿਕ ਸਹਾਇਤਾ ਵਿੱਚ ਉਨ੍ਹਾਂ ਦੀ ਜ਼ਿੰਦਗੀ ’ਚ ਵੱਡਾ ਯੋਗਦਾਨ ਬਣੇਗਾ। ਉਨ੍ਹਾਂ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨ ਨੂੰ ਤੀਜਾ ਹਿੱਸਾ ਪੱਕੇ ਤੌਰ ’ਤੇ ਪਟੇ ਉੱਪਰ ਲੈਣ ਲਈ ਸੰਘਰਸ਼ ਸਾਂਝੇ ਰੂਪ ਵਿੱਚ ਕੀਤਾ ਜਾਵੇ ਅਤੇ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਤਹਿਤ ਵੱਡੀ ਲਾਮਬੰਦੀ ਕੀਤੀ ਜਾਵੇ ਇਸ ਮੌਕੇ ਮੱਖਣ ਸਿੰਘ, ਬਬਲਾ ਸਿੰਘ, ਬੀਰ ਸਿੰਘ, ਬਿੰਦਰ ਸਿੰਘ, ਰੂਪਾ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।