ਬੀਰਬਲ ਰਿਸ਼ੀ
ਸ਼ੇਰਪੁਰ, 12 ਨਵੰਬਰ
ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਸਰਪੰਚ ਅਮਨਦੀਪ ਸਿੰਘ ਕਲੇਰਾਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੁੱਜੇ ਸਰਪੰਚਾਂ ਨੇ ਸਰਕਾਰ ਤੇ ਵਿਭਾਗ ਵੱਲੋਂ ਸਰਪੰਚਾਂ ਨੂੰ ਲਗਤਾਰ ਅਣਗੌਲਿਆਂ ਕਰਦਿਆਂ ਖੱਜਲ-ਖੁਆਰ ਕਰਨ ਵਿਰੁੱਧ ਮੋਰਚਾ ਖੋਲ੍ਹਣ ਲਈ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਜਦੋਂ ਕਿ ਮਗਨਰੇਗਾ ਦੇ ਕੰਮਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਹੈ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਲਾਕ ਪੰਚਾਇਤ ਯੂਨੀਅਨ ਦੇ ਮੋਹਰੀ ਆਗੂ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ ਸਰਪੰਚਾਂ ਨੂੰ ਹੁਣ ਤੱਕ ਦਾ ਬਣਦਾ ਮਾਣਭੱਤਾ ਨਾ ਮਿਲਣ ਕਾਰਨ ਸਰਪੰਚਾਂ ਵਿੱਚ ਰੋਸ ਹੈ। ਸਰਪੰਚਾਂ ਨੇ ਅਫ਼ਸਰਸ਼ਾਹੀ ਵਿਰੁੱਧ ਭੜਾਸ ਕਢਦਿਆਂ ਕਿਹਾ ਕਿ ਮਗਨਰੇਗਾ ਦੇ ਕਰਵਾਏ ਕੰਮਾਂ ਦੀਆਂ ਸਰਪੰਚਾਂ ਨੂੰ ਅਦਾਇਗੀਆਂ ਨਹੀਂ ਹੋ ਰਹੀਆਂ ਜਿਸ ਕਰਕੇ ਸੀਮਿੰਟ, ਬਜਰੀ, ਰੇਤਾ ਤੇ ਹੋਰ ਸਮਾਨ ਲਈ ਉਧਾਰ ਚੁੱਕ ਕੇ ਕਰਵਾਏ ਕੰਮਾਂ ਨੇ ਸਰਪੰਚਾਂ ਨੂੰ ਲੋਕਾਂ ਦੇ ਕਰਜ਼ਦਾਰ ਬਣਾ ਦਿੱਤਾ ਹੈ। ਦੋ-ਦੋ ਸਾਲ ਤੋਂ ਕੱਚੇ ਘਰਾਂ ਤੇ ਸ਼ੈੱਡਾਂ ਦੇ ਪੈਸੇ ਨਹੀਂ ਪਾਏ ਜਾ ਰਹੇ ਅਤੇ ਲਾਭਪਾਤਰੀ ਲੋਕ ਸਰਪੰਚਾਂ ਦੇ ਘਰਾਂ ਅੱਗੇ ਗੇੜੇ ਕੱਢਦੇ ਹੋਏ ਪੰਚਾਇਤੀ ਨੁਮਾਇੰਦਿਆਂ ਨੂੰ ਕੋਸਦੇ ਨਹੀਂ ਥੱਕਦੇ। ਪੰਚਾਇਤੀ ਨੁਮਾਇੰਦਿਆਂ ਨੇ ਕੀਤੇ ਕੰਮਾਂ ਦੇ ਸਰਟੀਫਿਕੇਟ ਜਾਰੀ ਕਰਨ ਵਿੱਚ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ ਜਿਸ ਨਾਲ ਰਿਸ਼ਵਤਖੋਰੀ ਨੂੰ ਬਲ ਮਿਲ ਰਿਹਾ ਹੈ। ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਅਮਨਦੀਪ ਸਿੰਘ ਕਲੇਰਾਂ ਦੀ ਅਗਵਾਈ ਹੇਠ ਸਰਪੰਚਾਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੁਪਰਡੈਂਟ ਰਜਿੰਦਰ ਸਿੰਘ ਨੂੰ ਸੌਂਪਿਆ।
ਰਿਸ਼ਵਤਖੋਰੀ ਦੀ ਸ਼ਿਕਾਇਤ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ: ਏਡੀਸੀ
ਏਡੀਸੀ ਰਜਿੰਦਰ ਬੱਤਰਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਰਪੰਚਾਂ ਦੇ ਕਰਵਾਏ ਕੰਮਾਂ ਦੇ ਸਰਟੀਫਿਕੇਟ ਜਾਰੀ ਕਰਨ ਸਬੰਧੀ ਰਿਸ਼ਵਤਖੋਰੀ ਦੀ ਸ਼ਿਕਾਇਤ ਆਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਮਗਨਰੇਗਾ ਦੇ ਕੰਮਾ ਸਬੰਧੀ ਬੀਡੀਪੀਓ ਵੱਲੋਂ ਰਿਪੋਰਟ ਭੇਜਣੀ ਹੁੰਦੀ ਹੈ ਉਂਜ ਜ਼ਿਲ੍ਹਾ ਪੱਧਰ ਜਾਂ ਪੰਜਾਬ ਪੱਧਰ ’ਤੇ ਬਕਾਏ ਪਾਏ ਜਾਣ ਸਬੰਧੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਜਦੋਂ ਕਿ ਮਾਣਭੱਤੇ ਬਾਰੇ ਡੀਡੀਪੀਓ ਹੀ ਦੱਸ ਸਕਦੇ ਹਨ। ਬੀਡੀਪੀਓ ਦੀ ਖਾਲੀ ਅਸਾਮੀ ਸਬੰਧੀ ਕਿਹਾ ਕਿ ਇਹ ਅਸਾਮੀ ਛੇਤੀ ਹੀ ਭਰਨ ਦੀ ਉਮੀਦ ਹੈ।