ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਅਕਤੂਬਰ
ਖੇਤਰੀ ਸਰਸ ਮੇਲੇ ਦੇ ਪਹਿਲੇ ਹੀ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ‘ਸਟਾਰ ਨਾਈਟ’ ਦਾ ਹਜ਼ਾਰਾਂ ਦਰਸ਼ਕਾਂ ਨੇ ਉਤਸ਼ਾਹ ਨਾਲ ਆਨੰਦ ਮਾਣਿਆ। ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤਾਂ ਨਾਲ ਲਗਭਗ ਦੋ ਘ ੰਟੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਉਸਦੇ ਚਰਚਿਤ ਗੀਤਾਂ ‘ਟਿੱਚ ਬਟਨਾਂ ਦੀ ਜੋੜੀ’, ‘ਰੱਖ ਹੌਂਸਲਾ ਵੇ ਜੱਟਾ’ ਅਤੇ ‘ਸੁੱਚਾ ਸੂਰਮਾ’ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਦਰਸ਼ਕਾਂ ਵਿੱਚ ਲਗਾਤਾਰ ਜੋਸ਼ ਭਰਿਆ ਜਿਸ ਕਾਰਨ ਸਟੇਜ ਦੇ ਸਾਹਮਣੇ ਸਥਾਪਤ ਕੀਤੇ ਗਏ ਬਲਾਕ ਅਤੇ ਖੁੱਲ੍ਹੀ ਜਗਾ ਦਰਸ਼ਕਾਂ ਨਾਲ ਭਰ ਗਈ। ਗਾਇਕ ਕੁਲਵਿੰਦਰ ਬਿੱਲਾ ਨੇ ਸਟੇਜ ਤੋਂ ਉਤਰ ਕੇ ਮੇਲੇ ਦਾ ਆਨੰਦ ਮਾਨਣ ਲਈ ਪੁੱਜੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਏਡੀਸੀ ਵਰਜੀਤ ਵਾਲੀਆ, ਏਡੀਸੀ ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਭੰਗੜਾ ਪਾਇਆ। ਲੋਕਾਂ ਨੇ ਦਿਨ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ’ਤੇ ਖੂਬ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਸੂਬਾਈ ਪਕਵਾਨਾਂ ਦਾ ਲੁਤਫ਼ ਵੀ ਲੋਕਾਂ ਨੇ ਪਰਿਵਾਰਾਂ ਸਮੇਤ ਉਠਾਇਆ। ਸਰਕਾਰੀ ਰਣਬੀਰ ਕਾਲਜ ਦੇ ਖੇਡ ਗਰਾਊਂਡ ਵਿੱਚ ਲੱਗਿਆ ਇਹ ਖੇਤਰੀ ਸਰਸ ਮੇਲਾ 17 ਅਕਤੂਬਰ ਤੱਕ ਜਾਰੀ ਰਹੇਗਾ ਅਤੇ 16 ਅਕਤੂਬਰ ਤੱਕ ਰੋਜ਼ਾਨਾ ‘ਸਟਾਰ ਨਾਈਟ’ ਕਰਵਾਈ ਜਾਵੇਗੀ ਜਿਸ ਤਹਿਤ 10 ਅਕਤੂਬਰ ਨੂੰ ਹਰਜੀਤ ਹਰਮਨ, 11 ਅਕਤੂਬਰ ਨੂੰ ਹਰਭਜਨ ਸ਼ੇਰਾ, 12 ਅਕਤੂਬਰ ਨੂੰ ਸੁਨੰਦਾ ਸ਼ਰਮਾ, 13 ਅਕਤੂਬਰ ਨੂੰ ਜਸਵਿੰਦਰ ਬਰਾੜ, 14 ਅਕਤੂਬਰ ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਜਸ਼ਨ ਇੰਦਰ, ਸੋਫ਼ੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ, 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।