ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਅਕਤੂਬਰ
ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ਵਿੱਚ ਲੱਗਿਆ ਦਸ ਦਿਨਾਂ ਖੇਤਰੀ ਸਰਸ ਮੇਲਾ ਦਰਸ਼ਕਾਂ ਦੇ ਦਿਲਾਂ ਉਪਰ ਅਮਿੱਟ ਛਾਪ ਛੱਡਦਾ ਅਤੇ ਖੁਸ਼ੀਆਂ ਖੇੜੇ ਬਿਖ਼ੇਰਦਾ ਹੋਇਆ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਸਮੁੱਚੇ ਪ੍ਰਬੰਧਾਂ ਹੇਠ ਲੱਗੇ ਸਰਸ ਮੇਲੇ ਦੌਰਾਨ ਦਰਸ਼ਕਾਂ ਨੇ ਜਿੱਥੇ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤੀਆਂ ਅਤੇ ਹੱਥੀਂ ਤਿਆਰ ਉਤਪਾਦਾਂ ਦੀ ਖਰੀਦਦਾਰੀ ਕੀਤੀ, ਉੱਥੇ ਵੱਖ-ਵੱਖ ਰਾਜਾਂ ਦੇ ਲੋਕ ਨਾਚ ਅਤੇ ਪਕਵਾਨ ਵੀ ਖਿੱਚ ਦਾ ਕੇਂਦਰ ਬਣੇ ਰਹੇ। ਸਰਸ ਮੇਲੇ ਦੀ ਹਰ ਸ਼ਾਮ ਨੂੰ ਹੁੰਦੀ ਪੰਜਾਬ ਦੇ ਪ੍ਰਸਿੱਧ ਲੋਕ ਗਾਇਕਾਂ ਦੀ ਸਟਾਰ ਨਾਈਟ ਯਾਦਗਾਰੀ ਹੋ ਨਬਿੜੀ।
ਮੇਲੇ ਦੀ ਆਖ਼ਰੀ ਸਟਾਰ ਨਾਈਟ ਲੋਕ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੇ ਨਾਂ ਰਹੀ ਜਿਸਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਅਤੇ ਦੇਰ ਰਾਤ ਤੱਕ ਹਜ਼ਾਰਾਂ ਦਰਸ਼ਕ ਸਰਤਾਜ ਦੇ ਗੀਤਾਂ ’ਤੇ ਝੂਮਦੇ ਰਹੇ। ਸਰਤਾਜ ਨੇ ਆਪਣੇ ਗੀਤਾਂ ਗੁਰਮੁਖੀ ਦਾ ਬੇਟਾ, ਸਾਈਂ ਵੇ, ਯਾਮ੍ਹਾਂ, ਤੇਰੇ ਵਾਸਤੇ, ਇੱਕੋ-ਮਿੱਕੇ ਆਦਿ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਟਾਰ ਨਾਈਟ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਅਤੇ ਪ੍ਰੋ. ਓਂਕਾਰ ਸਿੰਘ, ਏਡੀਸੀ ਵਰਜੀਤ ਵਾਲੀਆ ਅਤੇ ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਤੋਂ ਇਲਾਵਾ ਸਿਵਲ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ। ਮੇਲੇ ਦੇ ਆਖ਼ਰੀ ਦਿਨ ਵੀ ਅੱਜ ਲੋਕਾਂ ਦੀ ਆਮਦ ਜਾਰੀ ਰਹੀ ਅਤੇ ਲੋਕ ਦਿਲ ਖਿੱਚਵੀਆਂ ਵਸਤਾਂ ਅਤੇ ਕਲਾਕ੍ਰਿਤੀਆਂ ਖਰੀਦ ਕਰਨ ਵਿੱਚ ਰੁੱਝੇ ਹੋਏ ਸਨ।
ਪੀਐੱਸਯੂ ਵੱਲੋਂ ਰਣਬੀਰ ਕਾਲਜ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ
ਸੰਗਰੂਰ: ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸਰਕਾਰੀ ਰਣਬੀਰ ਕਾਲਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਲਜ ਦੇ ਮੈਦਾਨ ਵਿੱਚ ਲੱਗੇ ਖੇਤਰੀ ਸਰਸ ਮੇਲੇ ਕਾਰਨ ਪੜ੍ਹਾਈ ਪ੍ਰਭਾਵਿਤ ਹੋਣ ਦਾ ਦੋਸ਼ ਲਾਉਂਦਿਆਂ ਐਲਾਨ ਕੀਤਾ ਕਿ ਭਲਕੇ 18 ਅਕਤੂਬਰ ਨੂੰ ਕਾਲਜ ਵਿਚ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਨੇ ਦੱਸਿਆ ਕਿ 8 ਅਕਤੂਬਰ ਤੋਂ ਕਾਲਜ ਗਰਾਊਂਡ ਵਿੱਚ ਲੱਗੇ ਸਰਸ ਮੇਲੇ ਕਾਰਨ ਵਿਦਿਆਰਥੀ ਦੀ ਪੜ੍ਹਾਈ ਪ੍ਰਭਾਵਿਤ ਰਹੀ ਹੈ। ਕਾਲਜ ਦੇ ਕਮਰੇ ਵੀ ਪ੍ਰਸ਼ਾਸਨ ਨੇ ਸਟਾਲਾਂ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਵਰਤਣ ਲਈ ਦੇ ਦਿੱਤੇ ਜਿਸ ਕਾਰਨ ਕਲਾਸਾਂ ਨਹੀਂ ਲੱਗੀਆਂ। ਵਿਦਿਆਰਥੀਆਂ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਹੋਣ ਜਾ ਰਹੇ ਯੂਥ ਫੈਸਟੀਵਲ ਕਾਰਨ ਲਗਪਗ 10 ਦਿਨ ਹੋਰ ਪੜ੍ਹਾਈ ਪ੍ਰਭਾਵਿਤ ਹੋਵੇਗੀ। ਵਿਦਿਆਰਥੀ ਆਗੂ ਨੇ ਦੱਸਿਆ ਕਿ ਹਰ ਵਾਰ ਕਾਲਜ ਦੀ ਇਮਾਰਤ ਨੂੰ ਗੈਰ-ਵਿੱਦਿਅਕ ਕੰਮਾਂ ਲਈ ਵਰਤਿਆ ਜਾਂਦਾ ਹੈ। ਵੋਟਾਂ ਵੇਲੇ ਵੋਟਿੰਗ ਮਸ਼ੀਨਾਂ ਕਮਰਿਆਂ ਵਿੱਚ ਤਾੜ ਦਿੱਤੀਆਂ ਜਾਂਦੀਆਂ ਹਨ ਅਤੇ ਤਿੰਨ-ਤਿੰਨ ਮਹੀਨੇ ਕਮਰੇ ਖਾਲੀ ਨਹੀਂ ਕੀਤੇ ਜਾਂਦੇ। ਵਿਦਿਆਰਥੀ ਜਥੇਬੰਦੀ ਨੇ ਕਿਹਾ ਕਿ ਪਹਿਲਾਂ ਕਰੋਨਾ ਦੀ ਬਿਮਾਰੀ ਕਾਰਨ ਪੜ੍ਹਾਈ ਪ੍ਰਭਾਵਿਤ ਰਹੀ ਤੇ ਹੁਣ ਵਿਦਿਆਰਥੀਆਂ ਦੇ ਪੇਪਰ ਸਿਰ ’ਤੇ ਹਨ ਪਰ ਪੜ੍ਹਾਈ ਠੱਪ ਹੈ। ਉਨ੍ਹਾਂ ਦੱਸਿਆ ਕਿ ਭਲਕੇ 18 ਅਕਤੂਬਰ ਨੂੰ ਕਾਲਜ ਵਿੱਚ ਰੈਲੀ ਕਰ ਕੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਕਾਲਜ ਦੇ ਕਮਰੇ ਖਾਲੀ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਅਵੀ ਉੱਪਲੀ, ਅੰਜੂ, ਬਲਜਿੰਦਰ ਕੌਰ, ਸਹਿਜਦੀਪ ਸਿੰਘ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ