ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਮਸਤੂਆਣਾ ਸਾਹਿਬ, 25 ਜੁਲਾਈ
ਮੁੱਖ ਅੰਸ਼
- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਡਰੁੱਖਾਂ ਵਿੱਚ ਬੂਟਾ ਲਾ ਕੇ ‘ਅੰਮ੍ਰਿਤ ਵਣ’ ਮੁਹਿੰਮ ਕੀਤੀ ਸ਼ੁਰੂ
- ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣ ਲਈ ‘ਆਪ’ ਸਰਕਾਰ ਨੇ ਕੀਤੀ ਨਿਵੇਕਲੀ ਪਹਿਲ
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਅੱਜ ਸੰਗਰੂਰ ਜ਼ਿਲ੍ਹੇ ’ਚ 600 ਏਕੜ ਜ਼ਮੀਨ ’ਤੇ ਜੰਗਲ ਲਗਾਉਣ ਲਈ ਉਲੀਕੀ ‘ਅੰਮ੍ਰਿਤ ਵਣ’ ਨਾਂ ਦੀ ਮੁਹਿੰਮ ਦੀ ਪਿੰਡ ਬਡਰੁੱਖਾਂ ਵਿੱਚ ਬੂਟਾ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ‘ਅੰਮ੍ਰਿਤ ਵਣ’ ਨਾਂ ਦੀ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੰਗਰੂਰ ਜ਼ਿਲ੍ਹੇ ’ਚ ਜੰਗਲ ਹੇਠਲੇ ਰਕਬੇ ਨੂੰ ਵਧਾਉਣ ਦੀ ਨਿਵੇਕਲੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਤਹਿਤ ਪਹਿਲਾਂ ਤਾਂ ਨਾਜਾਇਜ਼ ਤੌਰ ’ਤੇ ਦੱਬੀਆਂ ਪੰਚਾਇਤੀ ਜ਼ਮੀਨਾਂ ਛੁਡਵਾਉਣ ਲਈ ਮੁਹਿੰਮ ਸਫ਼ਲਤਾ ਪੂਰਵਕ ਚਲਾਈ ਗਈ ਸੀ ਅਤੇ ਹੁਣ ਸੰਘਣੇ ਜੰਗਲ ਲਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ’ਚ ਸਹਾਈ ਹੋਵੇਗੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਸਰਵਪੱਖੀ ਵਿਕਾਸ ਦਾ ਨਕਸ਼ਾ ਤਿਆਰ ਕਰ ਲਿਆ ਗਿਆ ਹੈ ਜਿਸ ਤਹਿਤ ਜਲਦ ਹੀ ਜ਼ਮੀਨੀ ਪੱਧਰ ’ਤੇ ਵਿਕਾਸ ਨਜ਼ਰ ਆਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੂਰੇ ਸੰਗਰੂਰ ਜ਼ਿਲੇ ’ਚ 8 ਬਲਾਕ ਹਨ ਅਤੇ ਇਸ ਮੁਹਿੰਮ ਤਹਿਤ ਹਰ ਬਲਾਕ ’ਚ 75 ਏਕੜ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਘੱਟ ਤੋਂ ਘੱਟ ਇਕ ਕਨਾਲ ਤੋਂ ਲੈ ਕੇ 10 ਏਕੜ ਰਕਬੇ ’ਤੇ ਪੰਜਾਬ ਦੇ ਰਵਾਇਤੀ ਕਿਸਮਾਂ ਦੇ ਬੂਟੇ ਲਾਏ ਜਾਣਗੇ।
ਇਸ ਮੌਕੇ ਏਡੀਸੀ ਵਰਜੀਤ ਸਿੰਘ ਵਾਲੀਆ, ਡੀਐੱਫਓ ਮੋਨਿਕਾ ਯਾਦਵ, ਡੀਡੀਪੀਓ ਸਵਿੰਦਰ ਸਿੰਘ, ਰਾਊਂਡ ਗਲਾਸ ਫਾਊਂਡੇਸ਼ਨ ਦੇ ਸੀਈਓ ਵਿਸ਼ਾਲ ਚਾਵਲਾ ਆਦਿ ਮੌਜੂਦ ਸਨ।
ਮਨਰੇਗਾ ਤਹਿਤ ਹੋਵੇਗੀ ਬੂਟਿਆਂ ਦੀ ਸੰਭਾਲ
ਜੰਗਲਾਂ ਹੇਠ ਰਕਬਾ ਵਧਾਉਣ ਦੇ ਨਾਲ-ਨਾਲ ਇਸ ਮੁਹਿੰਮ ਤਹਿਤ ਲੋਕਾਂ ਤੇ ਪੰਚਾਇਤਾਂ ਦੀ ਆਮਦਨ ’ਚ ਵਾਧਾ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਪਿੰਡਾਂ ’ਚ ਬਾਗ਼ ਵੀ ਲਾਏ ਜਾ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਏ ਜਾਣ ਵਾਲੇ ਬੂਟਿਆਂ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਮਗਨਰੇਗਾ ਸਕੀਮ ਤਹਿਤ ਕੀਤੀ ਜਾਵੇਗੀ ਜਿਸ ਤਹਿਤ ਪਹਿਲੇ ਸਾਲ ਹੀ 6,60,000 ਦਿਹਾੜੀਆਂ ਦਾ ਰੁਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੂਟਿਆਂ ਦੀ ਸੰਭਾਲ ਲਈ ਦੂਜੇ ਸਾਲ ਵਣ ਮਿੱਤਰਾਂ ਨੂੰ ਤਕਰੀਬਨ 3 ਲੱਖ ਦਿਹਾੜੀਆਂ ਦਾ ਰੁਜ਼ਗਾਰ ਦਿੱਤਾ ਜਾਵੇਗਾ।