ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਗਸਤ
ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਭਲਕੇ 20 ਅਗਸਤ ਨੂੰ ਕਸਬਾ ਲੌਂਗੋਵਾਲ ਵਿੱਚ ਮਨਾਈ ਜਾ ਰਹੀ ਹੈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਆਪੋ ਆਪਣੇ ਬਰਸੀ ਸਮਾਗਮ ਵੱਖੋ ਵੱਖਰੇ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਸ ਵਾਰ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਕੋਈ ਵੱਡੀ ਸਿਆਸੀ ਕਾਨਫਰੰਸ ਨਜ਼ਰ ਨਹੀਂ ਆਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਗੁਰਦੁਆਰਾ ਕੈਂਬੋਵਾਲ ਵਿੱਚ ਬਰਸੀ ਸਮਾਗਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸਮੁੱਚੀ ਲੀਡਰਸ਼ਿਪ ਪੁੱਜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਸਮਾਗਮ ਗੁਰਦੁਆਰਾ ਭਾਈ ਮਨੀ ਸਿੰਘ ਲੌਂਗੋਵਾਲ ਵਿੱਚ ਰੱਖਿਆ ਗਿਆ ਹੈ। ਪਾਰਟੀ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਜੌਹਲ ਨੇ ਦੱਸਿਆ ਕਿ ਬਰਸੀ ਸਮਾਗਮ ’ਚ ਪਾਰਟੀ ਆਗੂ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਰਣਜੀਤ ਸਿੰਘ ਤਲਵੰਡੀ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਦੀਪ ਕੌਰ ਤਲਵੰਡੀ ਆਦਿ ਸ਼ਾਮਲ ਹੋਣਗੇੇ। ‘ਆਪ’ ਸਰਕਾਰ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਅਨਾਜ ਮੰਡੀ ’ਚ ਖੂਨਦਾਨ ਕੈਂਪ ਲਗਾਇਆ ਜਾਵੇਗਾ।