ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 7 ਫਰਵਰੀ
ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਕਾਰਜ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਮਾਨਵਤਾ ਦੀ ਭਲਾਈ ਲਈ ਕੀਤੇ ਹਨ, ਉਹ ਇਕ ਆਮ ਇਨਸਾਨ ਨਹੀਂ ਕਰ ਸਕਦਾ। ਭਾਈ ਲੌਂਗੋਵਾਲ ਨੇ ਸਥਾਨਕ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਸੰਤ ਅਤਰ ਸਿੰਘ ਦੀ ਯਾਦ ’ਚ ਕਰਵਾਏ ਗਏ ਸਮਾਗਮ ਦੌਰਾਨ ਸੰਤਾਂ ਨੂੰ ਸਤਿਕਾਰ ਭੇਟ ਕਰਨ ਮਗਰੋਂ ਕਿਹਾ। ਇਸ ਮੌਕੇ ਭਾਈ ਲੌਂਗੋਵਾਲ ਤੇ ਹੋਰ ਮੋਹਤਬਰ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮਲਕੀਤ ਸਿੰਘ, ਬਾਬਾ ਗਿਆਨ ਸਿੰਘ ਗਿਆਨੀ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਵਾਲੇ, ਬਾਬਾ ਭੁਪਿੰਦਰ ਸਿੰਘ ਮਸਤੂਆਣਾ, ਬਾਬਾ ਸੁਖਦੇਵ ਸਿੰਘ, ਬਾਬਾ ਗੁਰਮੇਲ ਸਿੰਘ, ਜਥੇਦਾਰ ਉਧਮ ਸਿੰਘ, ਭਾਈ ਦਰਸਨ ਸਿੰਘ, ਰਾਜਵਿੰਦਰ ਸਿੰਘ ਕੌਲੀ, ਗੁਰਮੀਤ ਸਿੰਘ ਮਹੇਰਨਾ, ਮਨਵੀਰ ਸਿੰਘ ਖਾਲਸਾ, ਅਜੈਬ ਸਿੰਘ, ਬਾਬਾ ਕਰਮਵੀਰ ਸਿੰਘ ਛੰਨਾ ਆਦਿ ਵੱਲੋਂ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ’ਤੇ ਸੰਘਰਸ਼ ਨੂੰ ਸਮਰਪਿਤ ਕਾਨਫਰੰਸ
ਭਵਾਨੀਗੜ੍ਹ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ 74ਵਾਂ ਜਨਮ ਦਿਹਾੜਾ ਹਰ ਸਾਲ ਵਾਂਗ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ ਨੇ ਦੱਸਿਆ ਕਿ ਇਸ ਵਾਰ ਦੀ ਕਾਨਫਰੰਸ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋਵੇਗੀ।
ਸੰਤ ਅਤਰ ਸਿੰਘ ਦੀ ਯਾਦ ’ਚ ਧਾਰਮਿਕ ਮੁਕਾਬਲੇ
ਬ੍ਰਹਮ ਗਿਆਨੀ ਸੰਤ ਅਤਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਪ੍ਰਬੰਧ ਅਧੀਨ ਸੰਤ ਅਤਰ ਸਿੰਘ ਗੁਰਮਤਿ ਕਾਲਜ ਵੱਲੋਂ ਅੰਤਰ ਸਕੂਲ ਸ਼ਬਦ ਗਾਇਨ, ਕਵਿਸ਼ਰੀ ਗਾਇਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਸੰਜੂਮਾ ਅਤੇ ਪ੍ਰਿੰ. ਰਾਜਵਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਮੁਕਾਬਲਿਆਂ ਵਿਚ 10 ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।