ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਈ
ਸੰਗਰੂਰ ਪੁਲੀਸ ਵਲੋਂ ਇੰਡੀਅਨ ਆਇਲ ਡੰਪ ਨੇੜੇ ਤੇਲ ਚੋਰ ਮਾਫ਼ੀਆ ਖ਼ਿਲਾਫ਼ ਕਾਰਵਾਈ ਦੌਰਾਨ ਛਾਪਾ ਤਿੰਨ ਤੇਲ ਟੈਂਕਰਾਂ ਸਮੇਤ 11,000 ਲੀਟਰ ਪੈਟਰੋਲ, 4000 ਲੀਟਰ ਮਿਲਾਵਟੀ ਪੈਟਰੋਲ ਅਤੇ 3000 ਲੀਟਰ ਈਥੇਨੌਲ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਡੀਅਨ ਆਇਲ ਡੰਪ ਨੇੜੇ ਵੱਖ-ਵੱਖ ਥਾਵਾਂ ’ਤੇ ਪੁਲੀਸ ਵਲੋਂ ਛਾਪੇ ਮਾਰਦਿਆਂ ਵੱਡੀ ਮਾਤਰਾ ਵਿਚ ਪੈਟਰਲ, ਮਿਲਾਵਟੀ ਤੇਲ ਅਤੇ ਇਥਾਨੋਲ ਬਰਾਮਦ ਕੀਤਾ ਗਿਆ ਹੈ ਅਤੇ ਤਿੰਨ ਤੇਲ ਟੈਂਕਰਾਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਰਾਤ ਪੁਲੀਸ ਵਲੋਂ ਦਫ਼ਾ 379, 420, 336, 285, 34ਆਈਪੀਸੀ, 7 ਜ਼ਰੂਰੀ ਵਸਤਾਂ ਐਕਟ, 23 ਪੈਟਰੋਲੀਅਮ ਐਕਟ 1934 ਐਕਟ ਤਹਿਤ ਥਾਣਾ ਸਦਰ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਟੈਂਕਰਾਂ ਵਿਚੋਂ ਤੇਲ ਚੋਰੀ ਕਰਕੇ ਉਸ ਵਿਚ ਈਥੇਨੌਲ ਮਿਲਾ ਕੇ ਮਾਰਕੀਟ ਰੇਟ ਨਾਲੋਂ ਸਸਤੇ ਰੇਟ ’ਤੇ ਗੈਰਕਾਨੂੰਨੀ ਢੰਗ ਨਾਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਛਾਪਿਆਂ ਦੌਰਾਨ ਗੁਰਨਾਮ ਸਿੰਘ ਵਾਸੀ ਕੰਮੋਮਾਜਰਾ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਵਿਕਰਮ ਸਿੰਘ ਉਰਫ਼ ਵਿੱਕੀ ਵਾਸੀ ਕੰਮੋਮਾਜਰਾ ਖੁਰਦ ਅਜੇ ਫ਼ਰਾਰ ਹੈ।