ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਅਪਰੈਲ
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਤਨਖਾਹ ’ਚੋਂ ਹਰ ਮਹੀਨੇ ਮਦਦ ਕਰਨ ਦੇ ਫੈਸਲੇ ਮਗ਼ਰੋਂ ਹੁਣ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਪੜ੍ਹਦਾ ਪੰਜਾਬ ਮਿਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਸਿੱਧੂ ਦੀ ਪ੍ਰੇਰਨਾ ਸਦਕਾ ਮਿਸ਼ਨ ਨਾਲ ਜੁੜੇ ਵੱਡੇ ਉਦਯੋਗਪਤੀ ਤੇ ਰਾਇਸਿਲਾ ਗਰੁੱਪ ਦੇ ਚੇਅਰਮੈਨ ਏਆਰ ਸ਼ਰਮਾ ਨੇ ਐੱਸਐੱਸਪੀ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਹਲਕਾ ਧੂਰੀ ਵਿੱਚ ਪੈਂਦੇ ਸਾਰੇ ਸਰਕਾਰੀ ਸਕੂਲਾਂ ਦੇ 9ਵੀ ਤੋਂ 12ਵੀ ਤੱਕ ਦੇ ਲੜਕੇ ਤੇ ਲੜਕੀਆਂ ਦੀ ਸਾਰੀ ਫੀਸ ਭਰਿਆ ਕਰਨਗੇ। ਸਾਰੇ ਸਕੂਲਾਂ ਤੋਂ ਬੱਚਿਆਂ ਦੀ ਗਿਣਤੀ ਦਾ ਡਾਟਾ ਮੰਗਿਆ ਹੈ, ਕਰੀਬ ਤਿੰਨ ਤੋਂ ਚਾਰ ਹਜ਼ਾਰ ਬੱਚੇ ਹਨ, ਜਿਨ੍ਹਾਂ ਦੀ ਸਾਲਾਨਾ ਫੀਸ ਕਰੀਬ 25 ਤੋਂ 30 ਲੱਖ ਬਣਦੀ ਹੈ। ਇਹ ਫੀਸ ਹਰ ਸਾਲ ਭਰੀ ਜਾਇਆ ਕਰੇਗੀ ਤਾਂ ਜੋ ਕੋਈ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਆਰੀ ਸਿੱਖਿਆ ਦੇਣ ਦੇ ਫੈਸਲੇ ਤੋਂ ਵੀ ਪ੍ਰਭਾਵਿਤ ਹੋਏ ਹਨ। ਭਲਕੇ 16 ਅਪਰੈਲ ਨੂੰ ਧੂਰੀ ਵਿਖੇ ਪ੍ਰੋਗਰਾਮ ਕਰਕੇ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਫ਼ੀਸ ਦੇ ਚੈੱਕ ਸਕੂਲਾਂ ਨੂੰ ਸੌਂਪ ਦਿੱਤੇ ਜਾਣਗੇ। ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਲੋੜਵੰਦ ਪਰਿਵਾਰ ਦਾ ਬੱਚਾ ਪੜ੍ਹਨਾ ਚਾਹੁੰਦਾ ਹੈ ਪਰ ਫੀਸ ਭਰਨ ਤੋਂ ਅਸਮਰਥ ਹੈ ਤਾਂ ਉਸ ਦੀ ਮਦਦ ਕੀਤੀ ਜਾਵੇਗੀ ਤੇ ਪੜ੍ਹਦਾ ਪੰਜਾਬ ਮਿਸ਼ਨ ਨੂੰ ਸਫ਼ਲ ਬਣਾਇਆ ਜਾਵੇਗਾ।