ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਕਤੂਬਰ
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਦੇਸੀ ਹਥਿਆਰ ਬਰਾਮਦ ਕੀਤੇ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਮੈਂਬਰ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਸੰਗਰੂਰ ਇਲਾਕੇ ਵਿਚ ਪਹਿਲਾਂ ਵੀ ਗੈਰਕਾਨੂੰਨੀ ਹਥਿਆਰ ਸਪਲਾਈ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਡੀਐੱਸਪੀ ਯੋਗੇਸ਼ ਸ਼ਰਮਾ ਅਤੇ ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਅਪਰਾਧ ਸ਼ਾਖਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਜਿਸ ਨੇ ਮਹੀਨੇ ਦੀ ਜਾਂਚ ਦੌਰਾਨ ਵਿਸ਼ੇਸ਼ ਟੀਮ ਨੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਦੇ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਭਾਈ ਮੂਲ ਚੰਦ ਰੋਡ ਸ਼ਹਿਰ ਸੁਨਾਮ ਦੇ ਏਰੀਏ ਵਿਚੋਂ ਦੋ ਸ਼ੱਕੀ ਨੌਜ਼ਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਪਿਸਟਲ 32 ਬੋਰ ਦੇ ਬਰਾਮਦ ਕਰਵਾਏ ਹਨ ਜਿਨ੍ਹਾਂ ’ਚੋਂ ਪਵਨ ਕੁਮਾਰ ਵਾਸੀ ਤਲੇਸਰਾ ਜ਼ਿਲ੍ਹਾ ਅਲੀਗੜ੍ਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜਦੋਂ ਕਿ ਦੂਜਾ ਕੁਲਵਿੰਦਰ ਸਿੰਘ ਪਿੰਡ ਕਰਾਈਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ। ਥਾਣਾ ਸਿਟੀ ਸੁਨਾਮ ਵਿਖੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਵਨ ਕੁਮਾਰ ਇੱਕ ਅੰਤਰਰਾਜੀ ਅਸਲਾ ਸਪਲਾਇਰ ਹੈ ਜੋ ਆਪਣੇ ਤਾਏ ਦੇ ਲੜਕੇ ਚੰਚਲ ਕੁਮਾਰ ਵਾਸੀ ਤਲੇਸਰਾ ਦੇ ਕਹਿਣ ’ਤੇ ਪੰਜਾਬ ਵਿਚ ਅਸਲਾ ਸਪਲਾਈ ਕਰਨ ਆਇਆ ਸੀ। ਚੰਚਲ ਕੁਮਾਰ ਮੱਧ ਪ੍ਰਦੇਸ਼ ਦੇ ਗੈਰਕਨੂੰਨੀ ਹਥਿਆਰ ਨਿਰਮਾਤਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕਈ ਸਾਥੀ ਹਨ, ਜੋ ਰਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਦੇਸੀ ਹਥਿਆਰ ਪਹੁੰਚਾਉਂਦੇ ਹਨ। ਇਸਤੋਂ ਪਹਿਲਾਂ ਪਵਨ ਕੁਮਾਰ ਨੇ ਚੰਚਲ ਕੁਮਾਰ ਦੇ ਕਹਿਣ ’ਤੇ ਅਪਰੈਲ ਮਹੀਨੇ ਵਿਚ ਅਸਲਾ ਸੰਗਰੂਰ ’ਚ ਦੇ ਕੇ ਗਿਆ ਸੀ ਜੋ ਪਹਿਲਾਂ ਹੀ ਬਰਾਮਦ ਹੋ ਚੁੱਕਿਆ ਹੈ। ਪਵਨ ਕੁਮਾਰ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿਚ ਵੀ ਕਈ ਹਥਿਆਰ ਸਪਲਾਈ ਕੀਤੇ ਹਨ। ਜਾਂਚ ਟੀਮ ਅਨੁਸਾਰ ਮੱਧ ਪ੍ਰਦੇਸ਼ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦਾ ਧੁਰਾ ਬਣ ਗਿਆ ਹੈ। ਪਿਛਲੇ ਮਾਮਲਿਆਂ ਦੀ ਜਾਂਚ ਵੀ ਦੇਸੀ ਹਥਿਆਰਾਂ ਦਾ ਧੁਰਾ ਹੋਣ ਸਬੰਧੀ ਮੱਧ ਪ੍ਰਦੇਸ਼ ਵੱਲ ਇਸ਼ਾਰਾ ਕਰਦੀ ਹੈ।ਪੁਲੀਸ ਅਨੁਸਾਰ ਪਿਛਲੇ ਕਰੀਬ ਛੇ ਮਹੀਨਿਆਂ ਦੌਰਾਨ ਸੰਗਰੂਰ ਪੁਲੀਸ ਨੇਸ ਅਸਲਾ ਐਕਟ ਤਹਿਤ 17 ਕੇਸ ਦਰਜ ਕੀਤੇ ਹਨ ਅਤੇ 32 ਦੇਸੀ ਹਥਿਆਰ ਬਰਾਮਦ ਕੀਤੇ ਹਨ।