ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਕਤੂਬਰ
ਸੰਗਰੂਰ ਪੁਲੀਸ ਨੇ ਚਾਰ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਇਹ ਮੋਟਰਸਾਈਕਲ ਸ਼ਹਿਰ ਸੰਗਰੂਰ, ਸੁਨਾਮ ਅਤੇ ਦਿੜਬਾ ਤੋਂ ਚੋਰੀ ਹੋਏ ਸਨ। ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਦੇ ਥਾਣੇਦਾਰ ਕਰਮ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਨੇੜੇ ਕਾਲੀ ਮਾਤਾ ਮੰਦਰ ਸੰਗਰੂਰ ਮੌਜੂਦ ਸੀ, ਜਿਸ ਨੇ ਮੁਖ਼ਬਰ ਪਾਸ ਦੀ ਇਤਲਾਹ ਮਿਲਣ ’ਤੇ ਵਾਰ ਹੀਰੋਜ਼ ਸਟੇਡੀਅਮ ਵਿਖੇ ਛਾਪੇਮਾਰੀ ਕਰਕੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਉਰਫ਼ ਮੰਗੀ, ਵਿਨੋਦ ਕੁਮਾਰ ਉਰਫ ਜੋਸ਼ੀ ਅਤੇ ਜਸਵੀਰ ਸਿੰਘ ਉਰਫ ਗੋਦੂ ਵਾਸੀ ਪਿੰਡ ਗੋਬਿੰਦਗੜ੍ਹ ਜੇਜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਕੋਲੋ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪੁੱਛਗਿੱਛ ਅਤੇ ਨਿਸ਼ਾਨਦੇਹੀ ’ਤੇ ਚੋਰੀ ਦੇ 6 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਇਹਨ੍ਹਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਸ਼ਹਿਰ ਸੰਗਰੂਰ, ਸੁਨਾਮ ਅਤੇ ਦਿੜ੍ਹਬਾ ਤੋਂ ਚੋਰੀ ਕੀਤੇ ਸਨ। ਇਨ੍ਹਾਂ ਕੋਲੋਂ ਕੁੱਲ 9 ਮੋਟਰਸਾਈਕਲ ਬਰਾਮਦ ਹੋਏ ਹਨ। ਕੇਸ ਵਿਚ ਅੰਮ੍ਰਿਤਪਾਲ ਸਿੰਘ ਉਰਫ਼ ਨਿੱਕਾ ਵਾਸੀ ਗੋਬਿੰਦਗੜ੍ਹ ਜੇਜੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨ੍ਹਾਂ ਕੋਲੋ ਚੋਰੀ ਦੇ ਹੋਰ ਮੋਟਰਸਾਈਕਲ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਰਾਹੁਲ ਕੁਮਾਰ ਵਾਸੀ ਸੁਨਾਮੀ ਗੇਟ ਵਾਰਡ ਨੰਬਰ 1 ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਮੌਕੇ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਗੁਰਵੀਰ ਸਿੰਘ, ਥਾਣੇਦਾਰ ਕਰਮ ਸਿੰਘ ਅਤੇ ਸਹਾਇਕ ਥਾਣੇਦਾਰ ਗਿਆਨ ਸਿੰਘ ਮੌਜੂਦ ਸਨ।