ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਗਸਤ
ਪੰਜਾਬ ਸਰਕਾਰ ਵੱਲੋਂ ਅਸ਼ਟਾਮਾਂ ਦੀ ਆਨਲਾਈਨ ਵਿਕਰੀ ਸ਼ੁਰੂ ਕੀਤੇ ਜਾਣ ਕਾਰਨ ਅੱਜ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਵਾਸਤੇ ਅਸ਼ਟਾਮ ਖਰੀਦਣ ਲਈ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇੱਕ ਅਸ਼ਟਾਮ ਖਰੀਦਣ ਲਈ ਲੋਕਾਂ ਨੂੰ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਦਰਅਸਲ, ਪਹਿਲਾਂ ਆਮ ਹਲਫ਼ੀਆ ਬਿਆਨਾਂ ਅਤੇ ਹੋਰ ਛੋਟੇ-ਮੋਟੇ ਕੰਮਾਂ ਵਾਸਤੇ ਛੋਟਾ ਅਸ਼ਟਾਮ ਛਪਿਆ ਹੋਇਆ ਮਿਲਦਾ ਸੀ ਜੋ ਹਰ ਅਸ਼ਟਾਮਫਰੋਸ਼ ਤੋਂ ਮਿਲਦਾ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਛਪੇ ਹੋਏ ਅਸ਼ਟਾਮ ਦੀ ਵਿਕਰੀ ਬੰਦ ਕਰ ਦਿੱਤੀ ਹੈ ਅਤੇ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ।
ਇੱਥੇ ਤਹਿਸੀਲ ਕੰਪਲੈਕਸ ਵਿੱਚ ਕਰੀਬ ਅੱਠ ਅਸ਼ਟਾਮਫਰੋਸ਼ ਹਨ ਜਿਨ੍ਹਾਂ ਕੋਲੋਂ ਬੜੀ ਆਸਾਨੀ ਨਾਲ ਅਸ਼ਟਾਮ ਮਿਲਦਾ ਸੀ ਪਰ ਆਨਲਾਈਨ ਵਿਕਰੀ ਸ਼ੁਰੂ ਹੋਣ ਕਾਰਨ ਜ਼ਿਆਦਾਤਰ ਅਸ਼ਟਾਮਫਰੋਸ਼ ਅਸ਼ਟਾਮਾਂ ਦੀ ਵਿਕਰੀ ਨਹੀਂ ਕਰ ਸਕੇ ਕਿਉਂਕਿ ਬਹੁਤੇ ਅਸ਼ਟਾਮਫਰੋਸ਼ਾਂ ਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ, ਭਾਵ ਉਨ੍ਹਾਂ ਕੋਲ ਆਨਲਾਈਨ ਅਸ਼ਟਾਮ ਵੇਚਣ ਦੇ ਫਿਲਹਾਲ ਪੁਖਤਾ ਪ੍ਰਬੰਧ ਨਹੀਂ ਹਨ। ਅੱਜ ਤਹਿਸੀਲ ਕੰਪਲੈਕਸ ਵਿੱਚ ਸਿਰਫ਼ ਦੋ ਅਸ਼ਟਾਮਫਰੋਸ਼ ਵਿਜੇ ਕੁਮਾਰ ਅਤੇ ਕੁਲਦੀਪ ਕੁਮਾਰ ਹੀ ਆਨਲਾਈਨ ਅਸ਼ਟਾਮਾਂ ਦੀ ਵਿਕਰੀ ਕਰ ਰਹੇ ਸਨ ਜਦੋਂ ਕਿ ਕਰੀਬ ਅੱਧੀ ਦਰਜਨ ਅਸ਼ਟਾਮਫਰੋਸ਼ ਆਨਲਾਈਨ ਅਸ਼ਟਾਮ ਵੇਚਣ ਤੋਂ ਵਾਂਝੇ ਰਹੇ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਅਸ਼ਟਾਮਫਰੋਸ਼ਾਂ ਦੀਆਂ ਦੁਕਾਨਾਂ ’ਤੇ ਅਸ਼ਟਾਮ ਖਰੀਦਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਆਨਲਾਈਨ ਅਸ਼ਟਾਮ ਖਰੀਦਣ ਲਈ ਹੁਣ ਪਹਿਲਾਂ ਇੱਕ ਫਾਰਮ ਭਰਨਾ ਪੈਂਦਾ ਹੈ, ਜਿਸ ਤੋਂ ਬਾਅਦ ਅਸ਼ਟਾਮਫਰੋਸ਼ ਆਨਲਾਈਨ ਪ੍ਰਿੰਟ ਕੱਢ ਕੇ ਅਸ਼ਟਾਮ ਦਿੰਦਾ ਹੈ।
ਇਸ ਮੌਕੇ ਤਹਿਸੀਲ ਕੰਪਲੈਕਸ ਵਿੱਚ ਅਸ਼ਟਾਮ ਖਰੀਦ ਲਈ ਕਤਾਰ ਵਿੱਚ ਖੜ੍ਹੇ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਹ 50 ਰੁਪਏ ਦਾ ਅਸ਼ਟਾਮ ਖਰੀਦਣ ਲਈ ਇੱਕ ਘੰਟੇ ਤੋਂ ਖੜ੍ਹਾ ਹੈ ਪਰ ਅਜੇ ਤੱਕ ਵਾਰੀ ਨਹੀਂ ਆਈ। ਬਿਆਨਾਂ ਲਿਖਵਾਉਣ ਲਈ ਤਹਿਸੀਲ ਪੁੱਜੇ ਕਿਸਾਨ ਗੋਬਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਬਿਆਨਾਂ ਲਿਖਵਾਉਣ ਪੁੱਜੇ ਹਨ ਪਰ ਅਸ਼ਟਾਮ ਖਰੀਦਣ ਲਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕੰਮ ਨੂੰ ਪਹਿਲਾਂ ਅੱਧਾ ਘੰਟਾ ਲੱਗਦਾ ਸੀ, ਅੱਜ ਕਰੀਬ ਤਿੰਨ ਘੰਟੇ ਲੱਗੇ ਹਨ। ਆਨਲਾਈਨ ਅਸ਼ਟਾਮ ਵੇਚਣ ਲਈ ਅਸ਼ਟਾਮਫਰੋਸ਼ਾਂ ਨੂੰ ਜਾਂ ਤਾਂ ਖ਼ੁਦ ਕੰਪਿਊਟਰ ਦੀ ਜਾਣਕਾਰੀ ਹਾਸਲ ਕਰਨੀ ਹੋਵੇਗੀ ਜਾਂ ਫਿਰ ਕੰਪਿਊਟਰ ਅਪਰੇਟਰ ਰੱਖਣਾ ਹੋਵੇਗਾ।