ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਰਮਚਾਰੀਆਂ ਦੀ ਚੱਲ ਰਹੀ ਛੇ ਰੋਜ਼ਾ ਕਲਮਛੋੜ ਹੜਤਾਲ ਦੇ ਤੀਜੇ ਦਿਨ ਵੀ ਸਮੁੱਚੇ ਦਫ਼ਤਰਾਂ ਵਿਚ ਕੰਮਕਾਜ ਠੱਪ ਰਿਹਾ। ਹੜਤਾਲੀ ਕਰਮਚਾਰੀਆਂ ਵਲੋਂ ਡੀਸੀ ਕੰਪਲੈਕਸ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਅਤੇ ਪ੍ਰੈਸ ਸਕੱਤਰ ਅਨੁਜ਼ ਸ਼ਰਮਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਵਿਭਾਗਾਂ ਦੇ ਸਮੁੱਚਾ ਕੰਮਕਾਜ ਠੱਪ ਪਿਆ ਹੈ ਅਤੇ ਦਫ਼ਤਰੀ ਮੁਲਾਜ਼ਮ ਕਲਮਛੋੜ ਹੜਤਾਲ ’ਤੇ ਹਨ ਪਰ ਪੰਜਾਬ ਸਰਕਾਰ ਵਲੋਂ ਲਗਾਤਾਰ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਲੋਕਾਂ ਦੀ ਖੱਜਲ ਖੁਆਰੀ ਦੀ ਵੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਦਫ਼ਤਰੀ ਮੁਲਾਜ਼ਮ ਵਰਗ ਪ੍ਰਤੀ ਆਪਣੀ ਬੇਰੁਖ਼ੀ ਜਾਰੀ ਰੱਖੀ ਅਤੇ ਮੁੱਖ ਮੰਤਰੀ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਬਲਵਿੰਦਰ ਸੋਹੀ, ਬਲਵਿੰਦਰ ਅੱਤਰੀ, ਸੰਦੀਪ ਕੁਮਾਰ, ਹਰਜੀਤ ਸਿੰਘ, ਤਰਸੇਮ ਖੰਨਾ, ਮਨਪ੍ਰੀਤ ਕੌਰ ਤੇ ਵਰਿੰਦਰ ਸਿੰਘ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਸੋਧ ਕੇ ਲਾਗੂ ਕੀਤਾ ਜਾਵੇ ਅਤੇ ਹੋਰ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤੀਆਂ ਜਾਣ। ਆਗੂਆਂ ਨੇ ਦਾਅਵਾ ਕੀਤਾ ਕਿ ਕਲਮਛੋੜ ਹੜਤਾਲ ਕਾਰਨ ਖਜ਼ਾਨਾ ਦਫਤਰ, ਸਿਵਲ ਸਰਜਨ ਦਫਤਰ, ਡੀਸੀ ਦਫਤਰ, ਐਕਸਾਈਜ਼ ਵਿਭਾਗ, ਖੇਤੀਬਾੜੀ ਵਿਭਾਗ, ਆਰਟੀਏ ਦਫਤਰ, ਨਹਿਰੀ ਵਿਭਾਗ, ਜਲ ਸਪਲਾਈ ਸੈਨੀਟੇਸ਼ਨ ਮਨਿਸਟਰੀਅਲ, ਮੰਡੀ ਬੋਰਡ, ਫੂਡ ਸਪਲਾਈ ਵਿਭਾਗ, ਬਾਗਬਾਨੀ, ਅੰਕੜਾ ਵਿਭਾਗ, ਮੱਛੀ ਪਾਲਣ ਵਿਭਾਗ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ, ਬੀਡੀਪੀਓ ਦਫ਼ਤਰ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪਲੈਨਿੰਗ ਬੋਰਡ, ਸੀਵਰੇਜ ਬੋਰਡ, ਭੂਮੀ ਰੱਖਿਆ, ਨਹਿਰੀ ਵਿਭਾਗ, ਆਯੂਰਵੈਦਿਕ ਵਿਭਾਗ, ਜਿਲਾ ਸਿੱਖਿਆ ਵਿਭਾਗ, ਸਹਿਕਾਰਤਾ ਵਿਭਾਗ, ਰੋਜ਼ਗਾਰ ਦਫਤਰ, ਸੀਵਰੇਜ ਬੋਰਡ, ਜਲ ਸਰੋਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਵਿੱਚ ਕੰਮ ਮੁਕੰਮਲ ਠੱਪ ਰਿਹਾ।