ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਅਕਤੂਬਰ
ਇਥੋਂ ਦੇ ਰਣਬੀਰ ਕਾਲਜ ਵਿੱਚ 8 ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਰਸ ਮੇਲੇ ਦੌਰਾਨ ਰੋਜ਼ਾਨਾ ਸ਼ਾਮ ਸਮੇਂ ਪੰਜਾਬ ਦੇ ਨਾਮਵਰ ਗਾਇਕ ਆਪਣੀ ਕਲਾ ਨਾਲ ਸਰੋਤਿਆਂ ਨੂੰ ਕੀਲਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਵੇਖਣ ਅਤੇ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤਰੀ ਸਰਸ ਮੇਲੇ ਦੀ ਹਰ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਜਿਹਾ ਵੀ ਪਹਿਲੀ ਵਾਰ ਹੀ ਹੋਵੇਗਾ ਜਦੋਂ ਏਨੀ ਵੱਡੀ ਗਿਣਤੀ ਵਿੱਚ ਨਾਮਵਰ ਗਾਇਕ ਸਰਸ ਮੇਲੇ ਦੇ ਮੰਚ ਤੋਂ ਲੋਕਾਂ ਦੇ ਰੂਬਰੂ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਦੇ ਉਦਘਾਟਨੀ ਦਿਨ 8 ਅਕਤੂਬਰ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, 9 ਅਕਤੂਬਰ ਨੂੰ ਜੌਰਡਨ ਸੰਧੂ, 10 ਨੂੰ ਹਰਜੀਤ ਹਰਮਨ, 11 ਨੂੰ ਹਰਭਜਨ ਸ਼ੇਰਾ, 12 ਨੂੰ ਸੁਨੰਦਾ ਸ਼ਰਮਾ, 13 ਨੂੰ ਜਸਵਿੰਦਰ ਬਰਾੜ, 14 ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ, ਜਦਕਿ 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਉਨ੍ਹਾਂ ਕਿਹਾ ਕਿ ਖੇਤਰੀ ਸਰਸ ਮੇਲੇ ’ਚ ਸਕੂਲ ਦੀ ਵਰਦੀ ਪਾ ਕੇ ਆਉਣ ਵਾਲੇ ਵਿਦਿਆਰਥੀਆਂ ਅਤੇ 3 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਦਾਖ਼ਲਾ ਮਿਲੇਗਾ, ਜਦਕਿ 3 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ 10 ਰੁਪਏ ਦੀ ਟਿਕਟ ਰੱਖੀ ਗਈ ਹੈ ਅਤੇ 10 ਸਾਲ ਤੋਂ ਵੱਡੀ ਉਮਰ ਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ 20 ਰੁਪਏ ਦੀ ਐਂਟਰੀ ਟਿਕਟ ਰੱਖੀ ਗਈ ਹੈ। ਮੇਲੇ ਦੌਰਾਨ ਦਸਤਕਾਰਾਂ ਵੱਲੋਂ ਬਣਾਈਆਂ ਚੀਜ਼ਾਂ ਵਿਕਰੀ ਲਈ ਉਪਲਬੱਧ ਰਹਿਣਗੀਆਂ। ਰਵਾਇਤੀ ਮੇਲਿਆਂ ਵਾਂਗ ਝੂਲੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਵਜੋਂ ਲਗਾਏ ਜਾਣਗੇ।