ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਪਰੈਲ
ਕਰੀਬ ਹਫ਼ਤਾ ਪਹਿਲਾਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਨਾਲ ਦੋ ਲੱਖ ਰੁਪਏ ਦੀ ਲੁੱਟ ਕਰਨ ਕਰਨ ਵਾਲੇ ਤਿੰਨ ਮੋਟਰਸਾਈਕਲ ਸਵਾਰਾਂ ਸਣੇ ਚਾਰ ਜਣਿਆਂ ਨੂੰ ਸੰਗਰੂਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦੀ ਰਕਮ ਵਿਚੋਂ 1 ਲੱਖ 38 ਹਜ਼ਾਰ ਰੁਪਏ, ਵਾਰਦਾਤ ਸਮੇਂ ਵਰਤਿਆ ਗੰਡਾਸਾ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਲੁੱਟ ਦੀ ਸਾਜ਼ਿਸ਼ ਇੱਕ ਹੋਰ ਵਿਅਕਤੀ ਵਲੋਂ ਰਚੀ ਗਈ ਸੀ, ਜੋ ਫ਼ਰਾਰ ਹੈ। ਇਨ੍ਹਾਂ ਤੋਂ ਇਲਾਵਾ ਨਾਬਾਲਗ ਲੜਕੇ ਨੂੰ ਵੀ ਪੁੱਛ ਪੜਤਾਲ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 10 ਅਪਰੈਲ ਦੀ ਰਾਤ ਨੂੰ ਦੇਸ ਰਾਜ ਐਂਡ ਸੰਨਜ਼ ਕਰਿਆਨਾ ਸਟੋਰ ਦਾ ਮਾਲਕ ਇਸ਼ਾਨ ਗਰਗ ਆਪਣੇ ਵਰਕਰ ਸਮੇਤ ਦੁਕਾਨ ਬੰਦ ਕਰਕੇ ਘਰ ਪ੍ਰੇਮ ਬਸਤੀ ਸੰਗਰੂਰ ਜਾ ਰਿਹਾ ਸੀ ਤਾਂ ਅਨਾਜ ਮੰਡੀ ਨੇੜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦੋ ਲੱਖ ਰੁਪਏ ਸਮੇਤ ਦੁਕਾਨ ਦੇ ਵਹੀ ਖਾਤੇ ਲੁੱਟ ਲਏ ਸਨ। ਐੱਸਪੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਦੋ ਵੱਖ-ਵੱਖ ਟੀਮਾਂ ਬਣਾਈਆਂ ਸਨ। ਪੁਲੀਸ ਸੀਸੀਟੀਵੀ ਕੈਮਰੇ, ਲੋਕਾਂ ਦੇ ਸਹਿਯੋਗ ਅਤੇ ਤਕਨੀਕੀ ਮਦਦ ਨਾਲ ਮੁਲਜ਼ਮਾਂ ਤੱਕ ਪੁੱਜ ਗਈ। ਪੁਲੀਸ ਨੇ ਮੁਲਜ਼ਮ ਸਰਬਜੀਤ ਸਿੰਘ ਉਰਫ਼ ਕਾਲੂ (19) ਵਾਸੀ ਉਭਾਵਾਲ ਰੋਡ ਸੰਗਰੂਰ, ਗੁਰਪ੍ਰੀਤ ਰਾਮ ਉਰਫ਼ ਡੱਡੂ (21) ਵਾਸੀ ਬਾਜ਼ੀਗਰ ਬਸਤੀ ਸੰਗਰੂਰ ਅਤੇ ਆਕਾਸ਼ ਉਰਫ਼ ਕਾਕਾ (19) ਵਾਸੀ ਉਭਾਵਾਲ ਰੋਡ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ 1 ਲੱਖ 38 ਹਜ਼ਾਰ ਰੁਪਏ, ਗੰਡਾਸਾ, ਮੋਟਰਸਾਈਕਲ ਤੇ ਵਹੀ ਖਾਤੇ ਬਰਾਮਦ ਕਰ ਲਏ ਹਨ, ਜਦੋਂ ਕਿ ਬਾਕੀ ਪੈਸੇੇ ਇਨ੍ਹਾਂ ਨੇ ਮਹਿੰਗੇ ਕੱਪੜੇ ਤੇ ਹੋਰ ਸਾਮਾਨ ’ਤੇ ਖਰਚ ਦਿੱਤੇ। ਲੁੱਟ ਦੀ ਸਾਜ਼ਿਸ਼ ਵਿਕਰਮ ਸਿੰਘ ਵਾਸੀ ਸੰਗਰੂਰ ਨੇ ਬਣਾਈ ਸੀ। ਵਾਰਦਾਤ ’ਚ ਇੱਕ ਨਾਬਾਲਗ ਲੜਕੇ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ ਜਿਸਦਾ ਮੋਟਰਸਾਈਕਲ ਵਾਰਦਾਤ ਕਰਨ ਸਮੇਂ ਵਰਤਿਆ ਗਿਆ। ਆਕਾਸ਼ ਉਰਫ਼ ਕਾਕਾ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ-1 ਸੰਗਰੂਰ ਅਤੇ ਥਾਣਾ ਪਾਤੜਾਂ ਵਿਖੇ ਕੇਸ ਦਰਜ ਹਨ, ਜਦੋਂ ਕਿ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਉਰਫ਼ ਡੱਡੂ ਖ਼ਿਲਾਫ਼ ਪਹਿਲਾਂ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ-1 ਸੰਗਰੂਰ ’ਚ ਕੇਸ ਦਰਜ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਪੜਤਾਲ ਕੀਤੀ ਜਾਵੇਗੀ।