ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਮੁੱਚੇ ਝੋਨੇ ਦਾ ਦਾਣਾ-ਦਾਣਾ ਐੱਮਐੱਸਪੀ ’ਤੇ ਖ਼ਰੀਦਣਾ ਯਕੀਨੀ ਬਣਾਉਣ, ਐੱਮਐੱਸਪੀ ਤੋਂ ਘੱਟ ਰੇਟ ‘ਤੇ ਖਰੀਦੀ ਮੂੰਗੀ ਦੀ ਫ਼ਸਲ ਦੀ ਰਹਿੰਦੀ ਅਦਾਇਗੀ 15 ਦਿਨਾਂ ’ਚ ਕਰਨ, ਕੁਦਰਤੀ ਆਫ਼ਤਾਂ ਤੇ ਬਿਮਾਰੀਆਂ ਨਾਲ ਤਬਾਹ ਹੋਈਆਂ ਸਭ ਫਸਲਾਂ ਦਾ ਸਮੁੱਚਾ ਮੁਆਵਜ਼ਾ 30 ਨਵੰਬਰ ਤੱਕ ਵੰਡਣ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਕਿਸੇ ਕਿਸਮ ਦੀ ਸਖ਼ਤੀ ਨਾ ਕਰਨ ਅਤੇ ਪਿਛਲੇ ਸਾਲਾਂ ਦੌਰਾਨ ਦਰਜ ਕੇਸ ਵਾਪਸ ਲੈਣ ਸਮੇਤ ਕਿਸਾਨ ਮੋਰਚੇ ਦੀਆਂ ਕਈ ਹੋਰ ਮੰਗਾਂ ਸਮਾਂ-ਬੱਧ ਢੰਗ ਨਾਲ ਲਾਗੂ ਕਰਨ ਦਾ ਲਿਖਤੀ ਭਰੋਸਾ ਮਿਲਣ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ ਚੱਲ ਰਿਹਾ ਘਿਰਾਓ ਅਤੇ ਪੱਕਾ ਮੋਰਚਾ ਅੱਜ 21ਵੇਂ ਦਿਨ ਜੇਤੂ ਰੈਲੀ ਕਰਕੇ ਉਠਾ ਦਿੱਤਾ ਗਿਆ।
ਵਰਨਣਯੋਗ ਹੈ ਕਿ ਮੰਗਾਂ ਉੱਪਰ ਲਿਖਤੀ ਸਹਿਮਤੀ ਕੱਲ੍ਹ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਸੂਬਾਈ ਆਗੂਆਂ ਨਾਲ਼ ਕੀਤੀ ਮੀਟਿੰਗ ਉਪਰੰਤ ਬਣੀ ਸੀ, ਜਿਸਦਾ ਲਿਖਤੀ ਰੂਪ ਅੱਜ ਵਿਸ਼ਾਲ ਇਕੱਠ ਚ ਸਟੇਜ ਦੇ ਉੱਪਰ ਲੈ ਕੇ ਐੱਸਡੀਐੱਮ ਸੰਗਰੂਰ ਪਹੁੰਚੇ। ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ,1-1 ਜੀਅ ਨੂੰ ਪੱਕੀ ਨੌਕਰੀ ਅਤੇ ਸਾਰਾ ਕਰਜ਼ਾ ਖ਼ਤਮ ਕਰਨ ਦੀ ਮੰਗ ਇੱਕ ਚੈੱਕ ਅੱਜ ਸਟੇਜ ਉੱਤੇ ਭੇਟ ਕਰਨ ਅਤੇ ਬਾਕੀ ਕਿਸਾਨਾਂ ਦੇ ਭੋਗ ਸਮਾਗਮਾਂ ਤੱਕ ਦੇਣ ਦਾ ਐਲਾਨ ਕਰਨ ਰਾਹੀਂ ਮੰਨੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ ਇਹ ਮੰਗਾਂ 7 ਅਕਤੂਬਰ ਨੂੰ ਹੀ ਮੰਨ ਲਈਆਂ ਸੀ ਪਰ ਲਿਖਤੀ ਰੂਪ’ ਚ ਹਾਸਲ ਕਰਨ ਲਈ ਹੀ 21 ਦਿਨ ਮੋਰਚਾ ਲਾਉਣਾ ਸਾਬਤ ਕਰਦਾ ਹੈ ਕਿ ਆਪ ਦੀ ਸਰਕਾਰ ਵੀ ਸਾਮਰਾਜ ਪੱਖੀ ਨੀਤੀਆਂ ‘ਤੇ ਚਲਦਿਆਂ ਪਹਿਲੀਆਂ ਰਵਾਇਤੀ ਪਾਰਟੀਆਂ ਵਾਂਗ ਹੀ ਲਾਰੇ ਦੀ ਨੀਤੀ ‘ਤੇ ਚੱਲ ਰਹੀ ਹੈ। ਇਸ ਜਿੱਤ ਤੋਂ ਉਤਸ਼ਾਹ ਤੇ ਪ੍ਰੇਰਣਾ ਲੈ ਕੇ ਮੋਦੀ ਸਰਕਾਰ ਨਾਲ ਸਬੰਧਤ ਭਖਦੀਆਂ ਮੰਗਾਂ ‘ਤੇ ਆਉਂਦੇ ਸਮੇਂ ’ਚ ਮੁਲਕ ਵਿਆਪੀ ਸਖ਼ਤ ਜਾਨਦਾਰ ਸੰਘਰਸ਼ ਦੀਆਂ ਤਿਆਰੀਆਂ ਲਈ ਕਮਰਕੱਸੇ ਕਰਨ ਦਾ ਐਲਾਨ ਕੀਤਾ। ਸਟੇਜ ਵੱਲੋਂ ਪੰਜਾਬ ਸਰਕਾਰ ਦੁਆਰਾ ਜੀਐੱਮ ਸਰ੍ਹੋਂ ਨੂੰ ਪ੍ਰਵਾਨਗੀ ਦੇ ਕੇ ਕਾਰਪੋਰੇਟ ਸਾਮਰਾਜੀ ਘਰਾਣਿਆਂ ਦਾ ਕਬਜ਼ਾ ਸਰ੍ਹੋਂ ਦੀ ਖੇਤੀ ਉੱਤੇ ਕਰਵਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕਰਨ ਅਤੇ ਇਹ ਫੈਸਲਾ ਰੱਦ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਪੂਰੇ ਪੰਡਾਲ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਜੇਤੂ ਰੈਲੀ ਨੂੰ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਵੀ ਸੰਬੋਧਨ ਕੀਤਾ। ਕਰੀਬ ਤਿੰਨ ਕਿਲੋਮੀਟਰ ਲੰਮੇ ਪੱਕੇ ਮੋਰਚੇ ਦੀ ਸਮਾਪਤੀ ਮੌਕੇ ਆਪਣਾ ਸਾਮਾਨ ਸੰਭਾਲ, ਟਰਾਲੀਆਂ ’ਚ ਜਿੱਤ ਦੇ ਨਾਅਰੇ ਲਗਾਉਂਦੇ ਹੋਏ ਕਿਸਾਨ ਬੁਲੰਦ ਹੌਂਸਲੇ ਨਾਲ 21 ਦਿਨਾਂ ਮਗਰੋਂ ਘਰਾਂ ਨੂੰ ਰਵਾਨਾ ਹੋਏ।