ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਮਈ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾਂ ਵਲੋਂ ਇਥੇ ਹਵਾਈ ਟਿਕਟ ਬੂਕਿੰਗ ਏਜੰਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਟਿਕਟ ਏਜੰਟ ਉਪਰ ਦੋਸ਼ ਲਾਇਆ ਕਿ ਕਰੋਨਾ ਕਾਰਨ ਰੱਦ ਹੋਈਆਂ ਫਲਾਈਟਾਂ ਦੀ ਟਿਕਟ ਦੇ ਪੈਸੇ ਵਾਪਸ ਨਹੀਂ ਕੀਤੇ ਗਏ ਅਤੇ ਵਾਰ ਵਾਰ ਪੈਸੇ ਦੇਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਸੀ, ਜਿਸ ਕਾਰਨ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਲੋਕਾਂ ਨੂੰ ਘਿਰਾਓ ਕਰਨ ਵਾਸਤੇ ਮਜਬੂਰ ਹੋਣਾ ਪਿਆ ਹੈ।
ਂਧਰਨੇ ਵਿੱਚ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਅਤੇ ਦਰਸ਼ਨ ਸਿੰਘ ਕੁੰਨਰ ਨੇ ਦੱਸਿਆ ਕਿ ਕਰੋਨਾ ਸਮੇਂ ਦੌਰਾਨ ਪਿੰਡ ਕੁੰਨਰਾਂ ਦੇ ਕਿਸਾਨ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਹਵਾਈ ਜ਼ਹਾਜ਼ ਦੀਆਂ ਦੋ ਟਿਕਟਾਂ ਇਸ ਏਜੰਟ ਤੋਂ ਬੁੱਕ ਕਰਵਾਈਆਂ ਸਨ, ਜਿਨ੍ਹਾਂ ਦੀ ਪੂਰੀ ਅਦਾਇਗੀਟ ਕਿਸਾਨ ਦੁਆਰਾ ਕੀਤੀ ਗਈ ਸੀ ਪਰ ਕੁੱਝ ਸਮੇਂ ਬਾਅਦ ਕਰੋਨਾ ਕਾਰਨ ਫਲਾਈਟਾਂ ਰੱਦ ਹੋ ਗਈਆਂ। ਕੁੱਝ ਮਹੀਨਿਆਂ ਬਾਅਦ ਕਿਸਾਨ ਪਰਿਵਾਰ ਵਲੋਂ ਆਪਣੀਆਂ ਟਿਕਟਾਂ ਦੇ ਪੈਸੇ ਰੀਫੰਡ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਏਜੰਟ ਵਲੋਂ ਇਹ ਆਖ਼ਦਿਆਂ ਪੈਸੇ ਰੀਫੰਡ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪੈਸੇ ਅਜੇ ਰੀਫੰਡ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਪਰਿਵਾਰ ਵਲੋਂ ਏਅਰ ਇੰਡੀਆ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਟਿਕਟਾਂ ਦੇ ਪੈਸੇ ਰੀਫ਼ੰਡ ਹੋ ਚੁੱਕੇ ਹਨ। ਇਸ ਮਗਰੋਂ ਮਾਮਲਾ ਕਿਸਾਨ ਜਥੇਬੰਦੀ ਕੋਲ ਪੁੱਜਿਆ। ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵਲੋਂ ਵਾਰ ਵਾਰ ਸਬੰਧਤ ਟਿਕਟ ਏਜੰਟ ਨਾਲ ਰਾਬਤਾ ਕੀਤਾ ਅਤੇ ਪੈਸੇ ਰੀਫੰਡ ਕਰਨ ਦੀ ਮੰਗ ਕੀਤੀ। ਸ੍ਰੀ ਲੌਂਗੋਵਾਲ ਨੇ ਦੋਸ਼ ਲਾਇਆ ਕਿ ਏਜੰਟ ਵਲੋਂ ਵਾਰ ਵਾਰ ਟਾਲ ਮਟੋਲ ਕੀਤੀ ਜਾਂਦੀ ਰਹੀ। ਜਥੇਬੰਦੀ ਵਲੋਂ ਏਜੰਟ ਨੂੰ ਏਅਰ ਇੰਡੀਆ ਤੋਂ ਆਈ ਈਮੇਲ ਵਿਖਾਉਣ ਦੀ ਮੰਗ ਕੀਤੀ ਪਰ ਉਹ ਵੀ ਨਹੀਂ ਵਿਖਾਈ ਗਈ, ਜਿਸ ਮਗਰੋਂ ਕਿਸਾਨ ਜਥੇਬੰਦੀ ਨੇ ਸਬੰਧਤ ਏਜੰਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਥਾਣਾ ਸਿਟੀ ਇੰਚਾਰਜ ਨੇ ਸਬੰਧਤ ਏਜੰਟ ਨੂੰ ਕੁੱਝ ਦਿਨਾਂ ਵਿਚ ਮਸਲਾ ਸੁਲਝਾਉਣ ਲਈ ਆਖਿਆ ਹੈ ਅਤੇ ਜਥੇਬੰਦੀ ਨੂੰ ਭਰੋਸਾ ਦਿੱਤਾ ਹੈ। ਕਿਸਾਨ ਜਥੇਬੰਦੀ ਨੇ ਕਿਹਾ ਕਿ ਜੇ ਚਾਰ ਦਿਨਾਂ ’ਚ ਪੀੜ੍ਹਤ ਪਰਿਵਾਰ ਨੂੰ ਅਦਾਇਗੀ ਨਾ ਕੀਤੀ ਗਈ ਤਾਂ ਏਜੰਟ ਦੇ ਦਫ਼ਤਰ ਦਾ ਪੱਕੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਭਜਨ ਸਿੰਘ ਢੱਡਰੀਆਂ, ਜਸਦੀਪ ਸਿੰਘ ਬਹਾਦਰਪੁਰ, ਸੁਰਿੰਦਰ ਲੌਂਗੋਵਾਲ, ਸੁਖਦੇਵ ਉਭਾਵਾਲ ਅਤੇ ਮੱਘਰ ਸਿੰਘ ਉਭਾਵਾਲ ਵੀ ਸ਼ਾਮਲ ਸਨ।