ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਅਗਸਤ
ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸਰਕਲ ਸੰਗਰੂਰ ਦੇ ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜਨੀਅਰਾਂ, ਸਹਾਇਕ ਇੰਜਨੀਅਰਾਂ ਅਤੇ ਪਦ ਉਨਤ ਉਪ ਮੰਡਲ ਇੰਜਨੀਅਰਾਂ ਵਲੋਂ ਤਿੰਨ ਦਿਨਾਂ ਦੀ ਕਲਮ ਛੋੜ ਅਤੇ ਟੂਲ ਡਾਊਨ ਹੜਤਾਲ ਸ਼ੁਰੂ ਕਰਦਿਆਂ ਸਮੁੱਚਾ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ ਅਤੇ ਡੀਸੀ ਦਫ਼ਤਰ ਅੱਗੇ ਤਿੰਨ ਦਿਨਾਂ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਹੜਤਾਲੀ ਇੰਜਨੀਅਰ ਪੰਜਾਬ ਸਰਕਾਰ ਦੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੋਂ ਖਫ਼ਾ ਹਨ। ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜਨੀਅਰ, ਸਹਾਇਕ ਇੰਜਨੀਅਰ ਅਤੇ ਪਦ ਉਨਤ ਉਪ ਮੰਡਲ ਇੰਜਨੀਅਰ ਸਥਾਨਕ ਡੀਸੀ ਦਫ਼ਤਰ ਅੱਗੇ ਪੁੱਜੇ ਅਤੇ ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਤਿੰਨ ਰੋਜ਼ਾ ਰੋਸ ਧਰਨਾ ਸ਼ੁਰੂ ਕਰ ਦਿੱਤਾ, ਜਿਸਦੀ ਅਗਵਾਈ ਗੁਰਦੀਪ ਸਿੰਘ ਰੰਧਾਵਾ, ਕੁਲਵੰਤ ਸਿੰਘ ਅਤੇ ਸੁਖਵੀਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸੂਬਾਈ ਆਗੂਆਂ ਕਰਮਜੀਤ ਸਿੰਘ ਬੀਹਲਾ, ਮਨਿੰਦਰਪਾਲ ਸਿੰਘ ਨਿਰਮਾਣ ਅਤੇ ਚਰਨਦੀਪ ਸਿੰਘ ਚਹਿਲ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਨੇ ਪੰਜਾਬ ਦੇ ਇੰਜਨੀਅਰਾਂ ਦੇ ਸਾਰੇ ਭੱਤੇ ਖੋਹ ਲਏ ਹਨ। ਮਹੀਨਾਵਾਰ ਮਿਲਦਾ 30 ਲਿਟਰ ਪੈਟਰੋਲ ਦੇਣ ਤੋਂ ਵੀ ਪਾਸਾ ਵੱਟ ਲਿਆ ਹੈ। ਸਟੇਟ ਕਮੇਟੀ ਦੀ ਆਈਏਐੱਸ ਕਮੇਟੀ ਨਾਲ ਹੋਈ ਮੀਟਿੰਗ ਵਿਚ ਡੂੰਘੀ ਚਰਚਾ ਕੀਤੀ ਗਈ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂਆਂ ਜੋਗਿੰਦਰ ਸਿੰਘ ਬਡਰੁੱਖਾਂ ਅਤੇ ਮਨਪ੍ਰੀਤ ਸਿੰਘ ਕੁਠਾਲਾ ਨੇ ਦੱਸਿਆ ਕਿ ਅੱਜ ਤੋਂ ਪੰਜਾਬ ਭਰ ਵਿਚ ਵੱਖ-ਵੱਖ ਵਿਭਾਗਾਂ ਦੇ ਇੰਜਨੀਅਰਾਂ ਵਲੋਂ ਕਲਮ ਛੋੜ ਅਤੇ ਟੂਲ ਡਾਊਨ ਹੜਤਾਲ ਕਰਕੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਤਿੰਨ ਦਿਨਾਂ ਰੋਸ ਧਰਨੇ ਸ਼ੁਰੂ ਕਰ ਦਿੱਤੇ ਹਨ। 8 ਸਤੰਬਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਬੁਲਾਰਿਆਂ ਨੇ ਮੰਗ ਕੀਤੀ ਕਿ ਕੌਂਸਲ ਦੀ ਸੂਬਾ ਕਮੇਟੀ ਨਾਲ ਦੋ ਧਿਰੀ ਗੱਲਬਾਤ ਕਰਕੇ ਤਨਖਾਹ ਸਕੇਲ ਅਤੇ ਪੁਰਾਣੇ ਭੱਤੇ ਬਹਾਲ ਕੀਤੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿਚ ਉਲੀਕਿਆ ਜਾਵੇਗਾ। ਰੋਸ ਧਰਨੇ ਨੂੰ ਤਲਵਿੰਦਰ ਸਿੰਘ ਮਲੇਰਕੋਟਲਾ, ਸਿਧਾਰਥ ਸਿੰਘ ਐਸਡੀਈ ਪੰਚਾਇਤੀ ਰਾਜ, ਸੰਜੀਤ ਤਿਵਾੜੀ, ਸਿਮਰਨਜੀਤ ਸਿੰਘ ਸੀਵਰੇਜ਼ ਬੋਡਰ, ਅਰਵਿੰਦਰ ਸਿੰਘ ਨੇ ਸੰਬੋਧਨ ਕੀਤਾ।