ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਸਤੰਬਰ
ਪੀਆਰਟੀਸੀ ਵਿਚ ਠੇਕੇ ’ਤੇ ਕੰਮ ਕਰਦੇ ਡਰਾਈਵਰ ਦੀ ਮੌਤ ’ਤੇ ਰੋਹ ਵਿਚ ਪੀੜਤ ਪਰਿਵਾਰ ਤੇ ਪਿੰਡ ਕਲੌਦੀ ਦੇ ਲੋਕਾਂ ਵਲੋਂ ਜਿਥੇ ਲਾਸ਼ ਬੱਸ ਸਟੈਂਡ ਵਿਚ ਰੱਖਦਿਆਂ ਗੇਟ ਬੰਦ ਕਰਕੇ ਧਰਨਾ ਦਿੱਤਾ ਗਿਆ, ਉਥੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿਚ ਸਾਰੀਆਂ ਸੜਕਾਂ ਉਪਰ ਟੇਢੀਆਂ ਬੱਸਾਂ ਖੜ੍ਹੀਆਂ ਕਰਕੇ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਡਰਾਈਵਰ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਬੱਸ ਅੱਡਾ ਬੰਦ ਹੋਣ ਅਤੇ ਮੁੱਖ ਚੌਕ ’ਚ ਆਵਾਜਾਈ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਅੱਜ ਸਵੇਰੇ ਪਰਿਵਾਰ ਤੇ ਪਿੰਡ ਕਲੌਦੀ ਦੇ ਲੋਕ ਪੀਆਰਟੀਸੀ ਦੇ ਠੇਕਾ ਆਧਾਰਤ ਡਰਾਈਵਰ ਸਤਿਗੁਰ ਸਿੰਘ (40) ਦੀ ਲਾਸ਼ ਲੈ ਕੇ ਪੁੱਜੇ ਅਤੇ ਲਾਸ਼ ਬੱਸ ਸਟੈਂਡ ਵਿਚ ਰੱਖ ਕੇ ਧਰਨਾ ਲਗਾ ਦਿੱਤਾ। ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਕੱਚੇ ਮੁਲਾਜ਼ਮ ਵੀ ਪੀੜਤ ਪਰਿਵਾਰ ਦੀ ਹਮਾਇਤ ’ਚ ਨਿੱਤਰਦਿਆਂ ਰੋਸ ਧਰਨੇ ’ਚ ਸ਼ਾਮਲ ਹੋ ਗਏ ਅਤੇ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਕਰਕੇ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਅਤੇ ਪਿੰਡ ਕਲੌਦੀ ਦੇ ਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਸਤਿਗੁਰ ਸਿੰਘ ਕਰੀਬ ਛੇ ਸਾਲਾਂ ਤੋਂ ਪੀਆਰਟੀਸੀ ਵਿਚ ਠੇਕੇ ’ਤੇ ਡਰਾਈਵਰ ਸੀ। ਕੁੱਝ ਦਿਨ ਪਹਿਲਾਂ ਡਿਊਟੀ ਤੋਂ ਪਿੰਡ ਕਲੌਦੀ ਪਰਤਦਿਆਂ ਉਸ ਦਾ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਸੱਟਾਂ ਲੱਗੀਆਂ ਸਨ। ਮੈਨੇਜਮੈਂਟ ਵਲੋਂ ਉਸ ਨੂੰ ਫੋਨ ਕਰਕੇ ਡਿਊਟੀ ’ਤੇ ਬੁਲਾ ਲਿਆ ਅਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਸ ਨੂੰ ਬੱਸ ’ਤੇ ਦਿੱਲੀ ਦੇ ਰੂਟ ’ਤੇ ਭੇਜ ਦਿੱਤਾ, ਜਿਸ ਕਾਰਨ ਉਸ ਦੀ ਸਿਹਤ ਹੋਰ ਖਰਾਬ ਹੋ ਗਈ। ਵਾਪਸ ਆਉਂਦਿਆਂ ਉਸ ਦੇ ਪਿਸ਼ਾਬ ਦਾ ਬੰਨ੍ਹ ਪੈ ਗਿਆ। ਪਹਿਲਾਂ ਲੋਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ, ਜਿਥੇ ਇੱਕ ਹਫ਼ਤੇ ਤੋਂ ਇਲਾਜ ਅਧੀਨ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਸ ਨੂੰ ਦਿੱਲੀ ਭੇਜਿਆ ਗਿਆ, ਜਿਸ ਕਾਰਨ ਉਸ ਦੀ ਸਿਹਤ ਹੋਰ ਖਰਾਬ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਨਾਬਾਲਗ ਬੱਚੇ, ਅੱਖਾਂ ਤੋਂ ਬੇਨੂਰ ਮਾਤਾ ਅਤੇ ਬਿਰਧ ਪਿਤਾ ਛੱਡ ਗਿਆ ਹੈ। ਯੂਨੀਅਨ ਅਤੇ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ 50 ਲੱਖ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸਤਿਗੁਰ ਸਿੰਘ ਦਾ ਸਸਕਾਰ ਨਹੀਂ ਕਰਨਗੇ। ਪਿਛਲੇ ਕਈ ਘੰਟਿਆਂ ਤੋਂ ਬੱਸ ਸਟੈਂਡ ਬੰਦ ਕਰਕੇ ਅਤੇ ਮੁੱਖ ਚੌਕ ’ਚ ਚੱਕਾ ਜਾਮ ਕਰਕੇ ਚੱਲ ਰਹੇ ਪ੍ਰਦਰਸ਼ਨ ਖ਼ਬਰ ਲਿਖੇ ਜਾਣ ਤੱਕ ਜਾਰੀ ਸਨ।