ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਡੈਮੋਕਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਸੈਂਕੜੇ ਮਨਰੇਗਾ ਕਾਮਿਆਂ ਵਲੋਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਰੁਜ਼ਗਾਰ ਦੇਣ ਅਤੇ ਮੰਗ ਆਧਾਰਿਤ ਕੰਮ ਦੇਣ ਸਮੇਤ ਅਨੇਕਾਂ ਮੰਗਾਂ ਲਈ ਇਥੇ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ ਅਤੇ ਮਗਨਰੇਗਾ ਕਾਨੂੰਨ ਨੂੰ ਸਹੀ ਰੂਪ ਵਿਚ ਲਾਗੂ ਨਾ ਕਰਨ ਦੇ ਖ਼ਿਲਾਫ਼ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਖੁਰਦ ਅਤੇ ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 16 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਸੀ ਪਰ ਆਮ ਤੌਰ ਤੇ ਸਾਲ ਅੰਦਰ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਤਰਫੋਂ ਐੱਸਡੀਐੱਮ ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਨੂੰ ਮੰਗ ਪੱਤਰ ਦਿੱਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ ਘੱਟੋ ਘੱਟ ਉਜਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ, ਕੰਮ ਦੇ ਦਿਨ ਵਧਾਕੇ 200 ਦਿਨ ਕੀਤੇ ਜਾਣ, ਪਿੰਡਾਂ ਅੰਦਰ ਗਰਾਮ ਸਭਾ ਦੇ ਵਿਧੀਵਤ ਇਜਲਾਸ ਕਰਕੇ ਮਨਰੇਗਾ ਬਜਟ ਪਾਸ ਕੀਤੇ ਜਾਣ, ਘੱਟ ਕੰਮ ਦੇਣ ਦੇ ਜ਼ਿੇਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਨੂੰਨ ਦੀ ਧਾਰਾ 25 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸਡੀਐੱਮ ਵਲੋਂ ਮਗਨਰੇਗਾ ਨੂੰ ਕਾਨੂੰਨ ਅਨੁਸਾਰ ਸਹੀ ਰੂਪ ਵਿਚ ਲਾਗੂ ਕਰਾਉਣ ਦਾ ਭਰੋਸਾ ਦਿਵਾਇਆ। ਧਰਨੇ ਨੂੰ ਮਨਰੇਗਾ ਫਰੰਟ ਦੇ ਆਗੂ ਭੋਲਾ ਸਿੰਘ,ਸੁਖਵਿੰਦਰ ਸਿੰਘ ਸਕਰੌਦੀ, ਸਰਬਜੀਤ ਕੌਰ, ਸੋਮਾ ਰਾਣੀ ਨਮੋਲ, ਸਰਬਜੀਤ ਕੌਰ ਕਾਹਨਗੜ,ਰਾਜਵਿੰਦਰ ਕੌਰ, ਬਲਜੀਤ ਕੌਰ ਸਤੌਜ,ਗੁਰਸੇਵਕ ਸਿੰਘ ਧਰਮਗੜ੍ਹ, ਮਨਜੀਤ ਕੌਰ ਜੌਲੀਆ, ਸੁਖਵਿੰਦਰ ਕੌਰ ਘਾਸੀਵਾਲ, , ਨਿਰਮਲ ਕੌਰ ਅਤੇ ਹਰਪ੍ਰੀਤ ਕੌਰ ਸੰਗਤਪੁਰਾ ਨੇ ਸੰਬੋਧਨ ਕੀਤਾ। ਧਰਨੇ ’ਚ ਆਈਡੀਪੀ ਦੇ ਸੂਬਾ ਆਗੂਆਂ ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ ,ਫਲਜੀਤ ਸਿੰਘ, ਦਰਸ਼ਨ ਸਿੰਘ ਧਨੇਠਾ, ਤਰਲੋਚਨ ਸਿੰਘ ਸੂਲਰ ਘਰਾਟ, ਤਾਰਾ ਸਿੰਘ ਫੱਗੂਵਾਲਾ ਅਤੇ ਬੀ ਕੇ ਯੂ ਸਿੱਧੂਪੁਰ ਦੇ ਜਿਲ੍ਹਾ ਆਗੂ ਬਲਜੀਤ ਸਿੰਘ ਜੌਲੀਆ ਨੇ ਸ਼ਮੂਲੀਅਤ ਕੀਤੀ।