ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੈਂ-ਮੈਂ ਕਰਨ ਵਾਲੇ ਲੋਕਾਂ ਨੇ ਹੀ ਕਾਂਗਰਸ ਦਾ ਜਨਾਜ਼ਾ ਕੱਢਿਆ ਹੈ ਅਤੇ ਬੇਸਬਰੇ ਲੋਕਾਂ ਕਾਰਨ ਹੀ ਕਾਂਗਰਸ ਦਾ ਇਹ ਹਾਲ ਹੋਇਆ ਹੈ। ਰਾਜਾ ਵੜਿੰਗ ਸੂਬਾ ਪ੍ਰਧਾਨ ਬਣਨ ਮਗਰੋਂ ਇਥੇ ਪਾਰਟੀ ਆਗੂ ਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਿਸੇ ਵਰਕਰ ਨੂੰ ਉਨ੍ਹਾਂ ਨਾਲ ਜਾਂ ਪਾਰਟੀ ਨਾਲ ਕੋਈ ਨਾਰਾਜ਼ਗੀ ਹੈ, ਉਸ ਨੂੰ ਦੂਰ ਕਰਨ ਵਾਸਤੇ ਉਹ ਉਸਦੇ ਘਰ ਜਾਣਗੇ, ਮਿੰਨਤ ਕਰਕੇ ਨਾਲ ਜੋੜਨਗੇ ਪਰ ਜਾਣਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨਾ ਹੋਰ ਵੇਖਣਗੇ, ਉਸ ਮਗਰੋਂ ਪਾਰਟੀ ਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਕਰੀਬ 15-20 ਦਿਨਾਂ ’ਚ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਹਲਕੇ ’ਚ ਜਿੰਨ੍ਹਾਂ ਵਿਕਾਸ ਵਿਜੈਇੰਦਰ ਸਿੰਗਲਾ ਨੇ ਕਰਵਾਇਆ, ਉਹ ਕੋਈ ਹੋਰ ਨਹੀਂ ਕਰਵਾ ਸਕੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਵਿਜੈਇੰਦਰ ਸਿੰਗਲਾ ਜਿੰਨਾ ਵਿਕਾਸ ਕਰਵਾ ਦੇਣ ਤਾਂ ਉਹ ਸਾਰੀ ਉਮਰ ਪਾਣੀ ਭਰਨਗੇ। ਇਸ ਮੌਕੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਪਾਰਟੀ ਆਗੂ ਇੰਦਰਬੀਰ ਸਿੰਘ ਬੁਲਾਰੀਆ, ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ, ਵਰਿੰਦਰ ਪੰਨਵਾਂ, ਗੁਰਤੇਜ਼ ਸਿੰਘ ਗਰੇਵਾਲ, ਬਲਵੀਰ ਕੌਰ ਸੈਣੀ ਹਾਜ਼ਰ ਸਨ।