ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਸੰਗਰੂਰ ਇਲਾਕੇ ’ਚ ਸਾਉਣ ਮਹੀਨੇ ਦੀ ਪਹਿਲੀ ਤੇਜ਼ ਬਾਰਸ਼ ਨਾਲ ਜਿਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਗਈ ਉਥੇ ਕਈ ਦਿਨਾਂ ਤੋਂ ਬਾਰਸ਼ ਨੂੰ ਉਡੀਕ ਰਹੇ ਕਿਸਾਨ ਵੀ ਬਾਗੋਬਾਗ ਹਨ। ਬਾਰਸ਼ ਨਾਲ ਸ਼ਹਿਰ ਜਲਥਲ ਹੋ ਗਿਆ ਤੇ ਅਨੇਕਾਂ ਥਾਵਾਂ ’ਤੇ ਪਾਣੀ ਭਰ ਲਿਆ ਭਾਵੇਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਬਾਰਸ਼ ਹੋ ਰਹੀ ਸੀ ਪਰ ਸੰਗਰੂਰ ਇਲਾਕੇ ਵਿਚ ਚੜ੍ਹ ਚੜ੍ਹ ਆਉਂਦੀਆਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਬਗੈਰ ਵਰ੍ਹੇ ਹੀ ਸੁੱਕੀਆਂ ਲੰਘਦੀਆਂ ਰਹੀਆਂ। ਲੋਕਾਂ ਵੱਲੋਂ ਇੰਦਰ ਦੇਵਤਾ ਨੂੰ ਮਨਾਉਣ ਲਈ ਚੌਲਾਂ ਦੇ ਜੱਗ ਕੀਤੇ ਗਏ ਤੇ ਔਰਤਾਂ ਵਲੋਂ ਗੁੱਡੀਆਂ ਫ਼ੂਕੀਆਂ ਗਈਆਂ ਸਨ। ਪਰ ਅੱਜ ਦੁਪਹਿਰੇ ਡੇਢ ਘੰਟਾ ਤੇਜ਼ ਬਾਰਸ਼ ਹੋਈ ਜਿਸ ਨਾਲ ਝੋਨੇ ਦੇ ਖੇਤ ਜਲਥਲ ਹੋ ਗਏ। ਤੇਜ਼ ਬਾਰਸ਼ ਕਾਰਨ ਲੋਕਾਂ ਨੇ ਜਿਥੇ ਗਰਮੀ ਤੋਂ ਰਾਹਤ ਪਾਈ ਹੈ ਉਥੇ ਝੋਨੇ ਦੀ ਖੇਤਾਂ ਦੀ ਇੱਕ ਵਾਰ ਪਿਆਸ ਬੁੱਝਣ ਕਾਰਨ ਕਿਸਾਨ ਵੀ ਖੁਸ਼ ਹਨ।
ਬਾਰਸ਼ ਕਾਰਨ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਜਨਤਕ ਥਾਵਾਂ ਧੂਰੀ ਗੇਟ ਬਾਜ਼ਾਰ, ਸ਼ਹਿਰ ਦੀ ਕੌਲਾ ਪਾਰਕ ਮਾਰਕੀਟ, ਸੁਨਾਮੀ ਗੇਟ ਫਿਰਨੀ, ਨਾਭਾ ਗੇਟ, ਪਟਿਆਲਾ ਗੇਟ ਫਿਰਨੀ, ਸਿਵਲ ਹਸਪਤਾਲ, ਹਾਊਸਿੰਗ ਬੋਰਡ ਨੇੜਲੀ ਸੜਕ, ਧੂਰੀ ਰੋਡ ਓਵਰਬ੍ਰਿਜ ਦੇ ਪਾਸੇ ਵਾਲੀ ਸੜਕ ਆਦਿ ਅਨੇਕਾਂ ਥਾਵਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਅਜੇ ਵੀ ਆਸਮਾਨ ’ਚ ਬੱਦਲਵਾਈ ਬਣੀ ਹੋਈ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਅੱਜ ਹੋਈ ਭਰਵੀਂ ਬਾਰਸ਼ ਝੋਨਾ, ਮੱਕੀ, ਕਪਾਹ, ਗੰਨਾ, ਚਾਰਾ ਆਦਿ ਸਾਰੀਆਂ ਫਸਲਾਂ ਲਈ ਹੀ ਲਾਹੇਵੰਦ ਹੋਵੇਗੀ।