ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ
ਸੰਗਰੂਰ/ਭਵਾਨੀਗੜ੍ਹ, 22 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ 23 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਜਿੱਥੇ ਸਥਾਨਕ ਪੁਲੀਸ ਤੇ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕਰ ਲਏ ਹਨ ਉੱਥੇ ਹੀ ਵੋਟਰਾਂ ਨੂੰ ਹੱਕ ’ਚ ਭੁਗਤਾਉਣ ਲਈ ਉਮੀਦਵਾਰਾਂ ਨੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਨਦਾਮਪੁਰ, ਮਾਨ ਦਲ ਦੇ ਗੁਰਦੀਪ ਸਿੰਘ ਕਾਲਾਝਾੜ, ਕਾਂਗਰਸ ਦੇ ਵਰਿੰਦਰ ਕੁਮਾਰ ਪੰਨਵਾਂ, ਅਕਾਲੀ ਦਲ ਦੇ ਰਵਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਵਰਕਰਾਂ ਨੂੰ ਬੂਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸੇ ਦੌਰਾਨ ਰਿਟਰਨਿੰਗ ਅਫ਼ਸਰ-ਕਮ-ਡੀਸੀ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਉਪ ਚੋਣ ਕਾਰਨ ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ’ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 23 ਜੂਨ ਨੂੰ ਸਥਾਨਕ ਛੁੱਟੀ ਹੋਵੇਗੀ।