ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜੁਲਾਈ
ਸਾਂਝਾ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਬਲਾਕ ਸੰਗਰੂਰ ਅਤੇ ਭਵਾਨੀਗੜ੍ਹ ਦੇ ਮਜ਼ਦੂਰਾਂ ਵਲੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਯਾਦ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਸਕੱਤਰ ਪਰਮਜੀਤ ਲੌਂਗੋਵਾਲ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਅਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਸਾਂਝਾ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਜੁਲਾਈ ਦੇ ਪਹਿਲੇ ਹਫ਼ਤੇ ਮੁੜ ਮੀਟਿੰਗ ਕਰ ਕੇ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਜੁਲਾਈ ਦਾ ਅੱਧਾ ਮਹੀਨਾ ਬੀਤਣ ਤੋਂ ਬਾਅਦ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਆਗੂਆਂ ਨੂੰ ਮੀਟਿੰਗ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀਆਂ ਪੰਚਾਇਤੀ ਅਤੇ ਨਜ਼ੂਲ ਜ਼ਮੀਨਾਂ, ਦਿਹਾੜੀ ਦੇ ਰੇਟ, ਪਲਾਟਾਂ, ਮਨਰੇਗਾ ਅਤੇ ਕਰਜ਼ੇ ਦੇ ਸਵਾਲ ’ਤੇ ਸਾਂਝਾ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸੰਘਰਸ਼ ਲੜਿਆ ਜਾ ਰਿਹਾ ਹੈ। ਇਸ ਮੌਕੇ ਚਰਨਾ ਸਿੰਘ ਬਾਲਦ, ਅਮਰਜੀਤ ਝਨੇੜੀ, ਅਮ੍ਰਿਤ ਚੰਗਾਲ, ਮਨਦੀਪ ਕੌਰ ਉਪਲੀ, ਜਸਪਾਲ ਸਿੰਘ, ਪਰਮਜੀਤ ਦੇਹ ਕਲਾਂ, ਸੁਖਵਿੰਦਰ ਕੌਰ, ਗੁਰਚਰਨ ਸਿੰਘ ਘਰਾਚੋਂ ਅਤੇ ਪੰਜਾਬ ਰੈਡੀਕਲ ਯੂਨੀਅਨ ਵਲੋਂ ਯੋਧਾ ਸਿੰਘ ਸ਼ਾਮਲ ਸਨ।